ਸਕੂਲ ਗੇਟ ਤੋਂ ਬੱਚਾ ਅਗਵਾ, ਪੁਲਿਸ ਨੇ ਕੁੱਝ ਘੰਟਿਆਂ ’ਚ ਕੀਤਾ ਬਰਾਮਦ, ਮੁਲਜ਼ਮ ਕਾਬੂ
ਸਕੂਲ ਗੇਟ ਤੋਂ ਬੱਚਾ ਅਗਵਾ, ਪੁਲਿਸ ਨੇ ਕੁੱਝ ਘੰਟਿਆਂ ’ਚ ਕੀਤਾ ਬਰਾਮਦ, ਮੁਲਜ਼ਮ ਕਾਬੂ
Publish Date: Sat, 28 Feb 2026 07:28 PM (IST)
Updated Date: Sat, 28 Feb 2026 07:28 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਬਡਾਲੀ ਆਲਾ ਸਿੰਘ ਪੁਲਿਸ ਨੇ ਦਿਨ-ਦਿਹਾੜੇ ਸਕੂਲ ਦੇ ਗੇਟ ਸਾਹਮਣੇ ਤੋਂ ਅਗਵਾ ਕੀਤੇ ਬੱਚੇ ਨੂੰ ਕੁੱਝ ਘੰਟਿਆਂ ਵਿੱਚ ਬਰਾਮਦ ਕਰ ਕੇ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਵਾਰਦਾਤ ਵਿੱਚ ਵਰਤੀ ਗਈ ਕਾਰ ਅਤੇ ਮੋਟਰਸਾਈਕਲ ਵੀ ਬਰਾਮਦ ਕਰ ਲਏ ਹਨ। ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਸਾਹਿਲ ਸਿੰਘ, ਜੱਸਾ ਸਿੰਘ, ਨਰਿੰਦਰ ਸਿੰਘ, ਸੁਰਿੰਦਰ ਪਾਲ ਸਿੰਘ, ਸਿਮਰਨਜੋਤ ਸਿੰਘ ਅਤੇ ਗੁਰਜੋਤ ਸਿੰਘ ਵਜੋਂ ਹੋਈ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਇਨ੍ਹਾਂ ਵਿਅਕਤੀਆਂ ਵੱਲੋਂ ਬੱਚੇ ਨੂੰ ਅਗਵਾ ਕਰਨ ਦਾ ਮਕਸਦ ਕੀ ਸੀ। ਜਾਣਕਾਰੀ ਮੁਤਾਬਿਕ ਬਡਾਲੀ ਆਲਾ ਸਿੰਘ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸੁਰਿੰਦਰਪਾਲ ਸਿੰਘ ਵਾਸੀ ਪਿੰਡ ਭੈਰੋਪੁਰ ਨੇ ਦੱਸਿਆ ਸੀ ਕਿ ਉਸ ਦਾ ਭਰਾ ਕ੍ਰਿਸ਼ਨ ਕੁਮਾਰ ਨਿੱਜੀ ਕੰਮ ਸਬੰਧੀ ਬਠਿੰਡਾ ਗਿਆ ਹੋਇਆ ਸੀ। ਉਸ ਦਾ 14 ਸਾਲਾ ਲੜਕਾ ਅਰਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲਾੜੀ ਕਲਾਂ ਵਿੱਚ ਪੜ੍ਹਦਾ ਹੈ। 27 ਫਰਵਰੀ ਨੂੰ ਉਸ ਦੇ ਭਤੀਜੇ ਦਾ ਪੇਪਰ ਸੀ। ਭਰਾ ਦੀ ਗੈਰਹਾਜ਼ਰੀ ਵਿੱਚ ਉਹ ਬੱਚੇ ਨੂੰ ਸਕੂਲ ਤੋਂ ਲੈਣ ਗਿਆ ਅਤੇ ਗੇਟ ਬਾਹਰ ਉਸ ਦੀ ਉਡੀਕ ਕਰ ਰਿਹਾ ਸੀ। ਦੁਪਹਿਰ ਕਰੀਬ 1:50 ਵਜੇ ਜਿਵੇਂ ਹੀ ਬੱਚਾ ਸਕੂਲ ਤੋਂ ਬਾਹਰ ਆਇਆ ਤਾਂ ਇੱਕ ਕਾਰ (ਜਿਸ ਦੀ ਅੱਗੇ ਵਾਲੀ ਪਲੇਟ ’ਤੇ ਮਿੱਟੀ ਲੱਗੀ ਹੋਈ ਸੀ) ਅਤੇ ਇੱਕ ਮੋਟਰਸਾਈਕਲ ਆ ਕੇ ਰੁਕ ਗਏ। ਇਨ੍ਹਾਂ ਵਿੱਚੋਂ 5-6 ਅਣਪਛਾਤੇ ਵਿਅਕਤੀ ਉਤਰੇ ਅਤੇ ਬੱਚੇ ਨਾਲ ਕੁੱਟਮਾਰ ਕਰ ਕੇ ਉਸ ਨੂੰ ਜ਼ਬਰਦਸਤੀ ਕਾਰ ਵਿੱਚ ਅਗਵਾ ਕਰ ਕੇ ਲੈ ਗਏ। ਮੋਟਰਸਾਈਕਲ ਸਵਾਰ ਵੀ ਮੌਕੇ ਤੋਂ ਭੱਜ ਗਿਆ। ਇਸ ਸੂਚਨਾ ’ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਦੁਫੇੜਾ ਮੋੜ ਨੇੜੇ ਤੋਂ ਗ੍ਰਿਫਤਾਰ ਕਰ ਲਿਆ ਅਤੇ ਅਗਵਾ ਕੀਤੇ ਬੱਚੇ ਨੂੰ ਸੁਰੱਖਿਅਤ ਬਰਾਮਦ ਕਰ ਲਿਆ।