ਹੋਲੀ ਮੌਕੇ 70 ਦੋਪਹੀਆ ਵਾਹਨਾਂ ਦੇ ਚਲਾਨ
ਹੋਲੀ ਮੌਕੇ 70 ਦੋਪਹੀਆ ਵਾਹਨਾਂ ਦੇ ਚਲਾਨ
Publish Date: Thu, 05 Mar 2026 04:37 PM (IST)
Updated Date: Thu, 05 Mar 2026 04:39 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਥਾਣਾ ਫਤਹਿਗੜ੍ਹ ਸਾਹਿਬ ਅਤੇ ਪੁਲਿਸ ਚੌਕੀ ਸਰਹਿੰਦ ਮੰਡੀ ਦੀ ਪੁਲਿਸ ਨੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 70 ਦੋਪਹੀਆ ਵਾਹਨ ਚਾਲਕਾਂ ’ਤੇ ਚਲਾਨ ਕੀਤੇ ਹਨ। ਥਾਣੇ ਦੇ ਐੱਸਐੱਚਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਬਾਜ਼ਾਰਾਂ ਵਿਚ ਨਿਗਰਾਨੀ ਰੱਖੀ ਗਈ ਅਤੇ ਕਾਨੂੰਨ ਦੀ ਉਲੰਘਣ ਵਾਲਿਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਤਿੰਨ ਵਿਅਕਤੀਆਂ ਨੂੰ ਇੱਕੋ ਦੋਪਹੀਏ ’ਤੇ ਸਵਾਰ ਹੋਣ, ਹੈਲਮਟ ਨਾ ਪਾਉਣ, ਸਲੰਸਰਾਂ ਨਾਲ ਪਟਾਕੇ ਵਜਾਉਣ ਅਤੇ ਰਸਤੇ ’ਤੇ ਰੰਗ ਪਾਉਣ ਵਰਗੀਆਂ ਉਲੰਘਣਾਵਾਂ ਕਰਨ ਵਾਲੇ 70 ਚਾਲਕਾਂ ਵਿਰੁੱਧ ਕਾਰਵਾਈ ਕੀਤੀ ਗਈ। ਫੁਆਰਾ ਚੌਕ ਮੇਨ ਬਾਜ਼ਾਰ ਸਰਹਿੰਦ, ਜੋਤੀ ਸਰੂਪ ਮੋੜ, ਸਿਟੀ ਸੈਂਟਰ ਅਤੇ ਖੰਡਾ ਚੌਕ ਸਮੇਤ ਵੱਖ-ਵੱਖ ਥਾਵਾਂ ’ਤੇ ਨਾਕੇ ਲਗਾ ਕੇ ਇਹ ਕਾਰਵਾਈ ਅੰਜਾਮ ਦਿੱਤੀ ਗਈ। ਐੱਸਐੱਚਓ ਅਸ਼ੋਕ ਕੁਮਾਰ ਨੇ ਅਪੀਲ ਕੀਤੀ ਕਿ ਸਾਰੇ ਲੋਕ ਆਪਣੇ ਅਮੀਰ ਧਾਰਮਿਕ ਤੇ ਸਮਾਜਿਕ ਵਿਰਸੇ ਨੂੰ ਸੰਭਾਲਦੇ ਹੋਏ ਤਿਉਹਾਰ ਸਾਂਝੇ ਤੌਰ ’ਤੇ ਮਨਾਉਣ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ। ਉਨ੍ਹਾਂ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਜਾਰੀ ਰਹੇਗੀ। ਇਸ ਮੌਕੇ ਪੁਲਿਸ ਚੌਂਕੀ ਸਰਹਿੰਦ ਮੰਡੀ ਦੇ ਇੰਚਾਰਜ ਸੰਜੀਵ ਕੁਮਾਰ ਸਮੇਤ ਸਹਾਇਕ ਥਾਣੇਦਾਰ ਜਗਰੂਪ ਸਿੰਘ, ਰਣਜੋਧ ਸਿੰਘ, ਬਲਵਿੰਦਰ ਸਿੰਘ ਤੇ ਲਛਮਣ ਸਿੰਘ ਹਾਜ਼ਰ ਸਨ।