ਫਤਹਿਗੜ੍ਹ ਸਾਹਿਬ ਦਾ ਅਧੂਰਾ ਨਾਮ ਲਿਖਣ ’ਤੇ ਰੋਸ
ਫਤਹਿਗੜ੍ਹ ਸਾਹਿਬ ਦਾ ਅਧੂਰਾ ਨਾਮ ਲਿਖਣ ’ਤੇ ਚੇਅਰਮੈਨ ਢਿੱਲੋਂ ਨੇ ਪ੍ਰਗਟਾਇਆ ਰੋਸ
Publish Date: Sun, 12 Apr 2026 07:22 PM (IST)
Updated Date: Mon, 13 Apr 2026 04:16 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਮਾਰਕੀਟ ਕਮੇਟੀ ਸਰਹਿੰਦ- ਫਤਿਹਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਚੰਡੀਗੜ੍ਹ-ਸਰਹਿੰਦ ਰੋਡ ਤੇ ਭਾਰਤ ਮਾਲਾ ਪ੍ਰੋਜੈਕਟ ਤਹਿਤ ਸਰਵਿਸ ਰੋਡ ਤੇ ਲਗਾਏ ਗਏ ਇੱਕ ਸੂਚਨਾ ਬੋਰਡ ਤੇ ਫਤਹਿਗੜ੍ਹ ਸਾਹਿਬ ਦਾ ਨਾਮ ਅਧੂਰਾ ਲਿਖਣ ਤੇ ਰੋਸ ਪ੍ਰਗਟਾਇਆ ਹੈ। ਢਿੱਲੋਂ ਨੇ ਕੇਂਦਰ ਸਰਕਾਰ ਅਤੇ ਸਬੰਧਤ ਵਿਭਾਗ ਵੱਲੋਂ ਬੋਰਡ ਤੇ ਕੇਵਲ ਫਤਿਹਗੜ੍ਹ ਲਿਖਣ ਤੇ ਸਖ਼ਤ ਇਤਰਾਜ਼ ਜਤਾਇਆ। ਉਨ੍ਹਾਂ ਸਪੱਸ਼ਟ ਕਿਹਾ ਕਿ ਸਰਕਾਰੀ ਬੋਰਡਾਂ ਅਤੇ ਸੂਚਨਾ ਪੱਟੀਆਂ ਤੇ ਕੇਵਲ ‘ਫਤਿਹਗੜ੍ਹ’ ਲਿਖਣਾ ਤਕਨੀਕੀ ਅਤੇ ਧਾਰਮਿਕ ਦੋਵਾਂ ਪੱਖਾਂ ਤੋਂ ਗਲਤ ਹੈ। ਇਸ ਦੀ ਥਾਂ ਪੂਰੇ ਸਤਿਕਾਰ ਨਾਲ ‘ਫਤਹਿਗੜ੍ਹ ਸਾਹਿਬ’ ਅੰਕਿਤ ਕੀਤਾ ਜਾਣਾ ਚਾਹੀਦਾ ਹੈ। ਢਿੱਲੋਂ ਨੇ ਕਿਹਾ ਕਿ ਇਸ ਪਵਿੱਤਰ ਅਸਥਾਨ ਦਾ ਨਾਮ ਦਸਮੇਸ਼ ਪਿਤਾ ਦੇ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨਾਲ ਜੁੜਿਆ ਹੋਇਆ ਹੈ। ਇਸ ਲਈ ਕੇਵਲ ‘ਫਤਿਹਗੜ੍ਹ’ ਸ਼ਬਦ ਵਰਤਣਾ ਇਸ ਦੀ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਨੂੰ ਘਟਾਉਣ ਵਾਲਾ ਹੈ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਭਵਿੱਖ ਵਿਚ ਕਿਸੇ ਵੀ ਸਰਕਾਰੀ ਜਾਂ ਗੈਰ ਸਰਕਾਰੀ ਬੋਰਡ ਤੇ ਪੂਰਾ ਨਾਮ ‘ਫਤਿਹਗੜ੍ਹ ਸਾਹਿਬ’ ਹੀ ਲਿਖਿਆ ਜਾਵੇ। ਚੇਅਰਮੈਨ ਨੇ ਕਿਹਾ ਕਿ ਭਾਵਨਾਵਾਂ ਦਾ ਸਤਿਕਾਰ ਕਰਨਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਜਿੱਥੇ ਵੀ ਬੋਰਡ ’ਤੇ ਅਧੂਰਾ ਨਾਮ ਲਿਖਿਆ ਗਿਆ ਹੈ ਉਸ ਨੂੰ ਤੁਰੰਤ ਸੁਧਾਰ ਕੇ ‘ਸਾਹਿਬ’ ਸ਼ਬਦ ਜੋੜਿਆ ਜਾਵੇ। ਇਸ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।