ਗੈਂਗਸਟਰ ਦੇ ਨਾਂਅ ਤੇ ਫਿਰੌਤੀ ਦੀ ਮੰਗ ਕਰਨ ਵਾਲਿਆਂ ਖਿਲਾਫ ਕੇਸ ਦਰਜ
ਗੈਂਗਸਟਰ ਦੇ ਨਾਂਅ ਤੇ ਫਿਰੌਤੀ ਦੀ ਮੰਗ ਕਰਨ ਵਾਲਿਆਂ ਖਿਲਾਫ ਕੇਸ ਦਰਜ
Publish Date: Wed, 21 Jan 2026 05:39 PM (IST)
Updated Date: Wed, 21 Jan 2026 05:42 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੱਸੀ ਪਠਾਣਾਂ : ਖੇੜੀ ਨੌਧ ਸਿੰਘ ਪੁਲਿਸ ਨੇ ਗੈਂਗਸਟਰ ਦੇ ਨਾਂਅ ਤੇ ਧਮਕੀਆਂ ਦੇ ਕੇ ਫਿਰੌਤੀ ਮੰਗਣ ਦੇ ਮਾਮਲੇ ਵਿਚ ਇਕ ਹੋਰ ਕੇਸ ਦਰਜ ਕੀਤਾ ਹੈ। ਤਾਜ਼ਾ ਘਟਨਾ ਵਿਚ ਸ਼ਿਕਾਇਤ ਕਰਤਾ ਅਮਰੀਕ ਸਿੰਘ ਵਾਸੀ ਪਿੰਡ ਖੇੜੀ ਨੋਧ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਕੁਝ ਦਿਨਾਂ ਤੋਂ ਉਸਦੇ ਵ੍ਹਟਸਐੱਪ ਨੰਬਰ ਪਰ ਧਮਕੀਆਂ ਭਰੀਆਂ ਇੰਟਰਨੈਸ਼ਨਲ ਕਾਲਾਂ ਆ ਰਹੀਆਂ ਹਨ। ਕਾਲਰ ਨੇ ਮੁਦੱਈ ਨੂੰ ਕਿਹਾ ਕਿ ਉਹ ਗੁਰਜੰਟ ਸਿੰਘ ਉਰਫ ਜੰਟਾ ਹੈ ਅਤੇ ਜੈਪਾਲ ਭੁੱਲਰ ਗਰੁੱਪ ਦਾ ਮੈਬਰ ਹੈ। ਉਕਤ ਵਿਅਕਤੀ ਨੇ ਪੈਸਿਆਂ ਦੀ ਫਿਰੌਤੀ ਦੀ ਮੰਗ ਕੀਤੀ ਤੇ ਧਮਕੀਆਂ ਦਿੱਤੀਆਂ। ਮੁਦੱਈ ਮੁਕੱਦਮਾ ਨੇ ਸ਼ੱਕ ਪ੍ਰਗਟਾਇਆ ਕਿ ਉਸ ਤੋਂ ਫਿਰੌਤੀ ਮੰਗਣ ਅਤੇ ਧਮਕੀਆਂ ਦੇਣ ਲਈ ਕਥਿਤ ਤੌਰ ਤੇ ਗੁਰਜੰਟ ਸਿੰਘ ਉਰਫ ਜੰਟਾ ਉਕਤ ਦੇ ਪਰਿਵਾਰ ਮੈਂਬਰ ਵੀ ਸ਼ਾਮਲ ਹਨ। ਪੁਲਿਸ ਨੇ ਸ਼ਿਕਾਇਤ ਕਰਤਾ ਦੇ ਬਿਆਨ ਦੇ ਆਧਾਰ ਤੇ ਪੁਲਿਸ ਥਾਣਾ ਖੇੜੀ ਨੌਧ ਸਿੰਘ ਵਿੱਚ ਗੁਰਜੰਟ ਸਿੰਘ ਉਰਫ ਜੰਟਾ, ਗੁਰਨੂਰ ਸਿੰਘ, ਸਕਿੰਦਰ ਸਿੰਘ ਤੇ ਹੋਰ ਨਾਮ ਮਾਲੂਮ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਖਮਾਣੋਂ ਹਲਕੇ ਦੇ ਲੋਕ ਪਿਛਲੇ ਕੁੱਝ ਦਿਨਾਂ ਤੋਂ ਫਿਰੌਤੀ ਮੰਗ ਕਰਨ ਵਾਲਿਆਂ ਅਤੇ ਘਰ ਤੇ ਫਾਇਰਿੰਗ ਕਰਨ ਵਾਲਿਆਂ ਤੋਂ ਪਹਿਲਾਂ ਹੀ ਦਹਿਸ਼ਤ ਵਿੱਚ ਹਨ। ਇਸ ਤਾਜ਼ਾ ਘਟਨਾ ਨੇ ਪੁਲਿਸ ਦੀ ਚੁਨੌਤੀ ’ਚ ਵਾਧਾ ਹੀ ਨਹੀਂ ਕੀਤਾ, ਸਗੋਂ ਡਰ ਦੇ ਮਾਹੌਲ ਨੂੰ ਹੋਰ ਡੂੰਘਾ ਕਰ ਦਿੱਤਾ ਹੈ।