ਧਮਕੀ ਭਰੀ ਈਮੇਲ ਮਾਮਲੇ ’ਚ ਸ਼ੱਕੀ ਖ਼ਿਲਾਫ਼ ਕੇਸ ਦਰਜ
ਧਮਕੀ ਭਰੀ ਈਮੇਲ ਮਾਮਲੇ ’ਚ ਸ਼ੱਕੀ ਖ਼ਿਲਾਫ਼ ਕੇਸ ਦਰਜ
Publish Date: Thu, 15 Jan 2026 04:59 PM (IST)
Updated Date: Thu, 15 Jan 2026 05:00 PM (IST)

ਪਰਗਟ ਸਿੰਘ, ਪੰਜਾਬੀ ਜਾਗਰਣ,• ਫਤਹਿਗੜ੍ਹ ਸਾਹਿਬ : ਬੁੱਧਵਾਰ ਨੂੰ ਜ਼ਿਲ੍ਹਾ ਕੋਰਟ ਕੰਪਲੈਕਸ ਸ਼੍ਰੀ ਫਤਹਿਗੜ੍ਹ ਨੂੰ ਬੰਬ ਨਾਲ ਉਡਾਉਣ ਦੀ ਆਈ ਧਮਕੀ ਭਰੀ ਈਮੇਲ ਮਾਮਲੇ ’ਚ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ’ਚ ਪੁਲਿਸ ਨੇ ਜ਼ਿਲ੍ਹਾ ਸੈਸ਼ਨ ਜੱਜ ਦੇ ਲਿਖਤੀ ਬਿਆਨਾਂ ’ਤੇ ਕਾਰਵਾਈ ਕਰਦਿਆਂ ਇਕ ਸ਼ੱਕੀ ਵਿਅਕਤੀ ਸਮੇਤ ਉਸ ਦੇ ਕਈ ਹੋਰ ਅਣਪਛਾਤੇ ਸਾਥੀਆਂ ਖ਼ਿਲਾਫ਼ ਐਫਆਰਆਈ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਸਾਈਬਰ ਸੈੱਲ ਤੇ ਸਪੈਸ਼ਲ ਸੈੱਲ ਦੀਆਂ ਟੀਮਾਂ ਵੱਲੋਂ ਵੱਖ-ਵੱਖ ਪਹਿਲੂਆਂ ਤੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਡੀਐਸਪੀ ਫਤਹਿਗੜ੍ਹ ਸਾਹਿਬ ਕੁਲਵੀਰ ਸਿੰਘ ਸੰਧੂ ਨੇ ਦੱਸਿਆ ਕਿ 14 ਜਨਵਰੀ ਨੂੰ ਸਵੇਰੇ ਜ਼ਿਲ੍ਹਾ ਸੈਸ਼ਨ ਜੱਜ ਫਤਹਿਗੜ੍ਹ ਸਾਹਿਬ ਨੂੰ ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਇਕ ਧਮਕੀ ਭਰੀ ਈਮੇਲ ਆਈ ਸੀ, ਜਿਸਦੇ ਸਬੰਧ ’ਚ ਪੁਲਿਸ ਵੱਲੋਂ ਕੋਰਟ ਕੰਪਲੈਕਸ ਫਤਹਿਗੜ੍ਹ ਸਾਹਿਬ ਵਿਖੇ ਸਰਚ ਅਭਿਆਨ ਵੀ ਚਲਾਇਆ ਗਿਆ ਤੇ ਕੰਪਲੈਕਸ ਅੰਦਰ ਜਾਂਚ ਪੜਤਾਲ ਉਪਰੰਤ ਕੋਰਟ ਦਾ ਕੰਮ ਨਿਰਵਿਗਨ ਜਾਰੀ ਹੋ ਗਿਆ ਸੀ। ਡੀਐਸਪੀ ਨੇ ਦੱਸਿਆ ਕਿ ਇਸ ਸਬੰਧ ’ਚ ਵੀਰਵਾਰ ਨੂੰ ਥਾਣਾ ਫਤਹਿਗੜ੍ਹ ਸਾਹਿਬ ਵਿਖੇ ਸੈਸ਼ਨ ਜੱਜ ਸਹਿਬਾਨ ਦੇ ਲਿਖਤੀ ਪੱਤਰ ਦੇ ਅਧਾਰ ’ਤੇ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਨੰਬਰ 13 ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਇਕ ਸ਼ੱਕੀ ਵਿਅਕਤੀ ਸਮੇਤ ਉਸ ਦੇ ਕਈ ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਤੇ ਮੇਲ ਭੇਜਣ ਵਾਲੇ ਵਿਅਕਤੀ ਦੇ ਈਮੇਲ ਐਡਰੈਸ ਦੀ ਵੀ ਜਾਂਚ ਕਰ ਲਈ ਗਈ ਅਤੇ ਜਲਦ ਹੀ ਉਕਤ ਕਥਿਤ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਆਖਿਆ ਕਿ 26 ਜਨਵਰੀ ਦੇ ਸਬੰਧ ’ਚ ਐੱਸਐੱਸਪੀ ਸ਼ੁਭਮ ਅਗਰਵਾਲ ਦੇ ਆਦੇਸ਼ਾਂ ’ਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਬੂ ਹੇਠ ਰੱਖਣ ਦੇ ਸਬੰਧ ’ਚ ਸਰਕਾਰੀ ਇਮਾਰਤਾਂ ਸਮੇਤ ਹੋਰਨਾਂ ਜਨਤਕ ਥਾਵਾਂ ਦੀ ਰੂਟੀਨ ਚੈਕਿੰਗਾਂ ਪਹਿਲਾਂ ਹੀ ਜਾਰੀ ਹਨ ਤੇ ਜ਼ਿਲ੍ਹੇ ਅੰਦਰ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਮਾਹੌਲ ਖ਼ਰਾਬ ਕਰਨ ਦੀ ਕਾਰਵਾਈ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਆਉਣ ਵਾਲੇ ਦਿਨਾਂ ’ਚ ਹੋਰ ਖੁਲਾਸੇ ਹੋਣਗੇ।