ਮੁਢਲੀ ਸਟੇਜ ’ਤੇ ਪਤਾ ਲੱਗਣ ’ਤੇ ਕੈਂਸਰ ਦਾ ਇਲਾਜ ਸੰਭਵ : ਸਿਵਲ ਸਰਜਨ
ਮੁਢਲੀ ਸਟੇਜ ’ਤੇ ਪਤਾ ਲੱਗਣ ’ਤੇ ਕੈਂਸਰ ਦਾ ਇਲਾਜ ਸੰਭਵ : ਸਿਵਲ ਸਰਜਨ
Publish Date: Wed, 04 Feb 2026 05:46 PM (IST)
Updated Date: Wed, 04 Feb 2026 05:50 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਿਹਤ ਵਿਭਾਗ ਵੱਲੋਂ ਵਿਸ਼ਵ ਕੈਂਸਰ ਦਿਵਸ ਮੌਕੇ ਜਾਗਰੂਕਤਾ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ ਨੇ ਕਿਹਾ ਮੁਢਲੀ ਸਟੇਜ ਤੇ ਸਮੇਂ ਸਿਰ ਪਤਾ ਲੱਗਣ ’ਤੇ ਕੈਂਸਰ ਦਾ ਇਲਾਜ ਸੌਖਾ ਤੇ ਸੰਭਵ ਹੈ। ਉਨ੍ਹਾਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਲਈ ‘ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼’ ਤਹਿਤ 1.50 ਲੱਖ ਰੁਪਏ ਦੇ ਇਲਾਜ ਦੀ ਸੁਵਿਧਾ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਛਾਤੀ ਵਿਚ ਗਿਲਟੀ, ਲਗਾਤਾਰ ਖੰਘ, ਆਵਾਜ਼ ਵਿਚ ਭਾਰੀਪਣ, ਮਹਾਂਵਾਰੀ ਦੌਰਾਨ ਖ਼ੂਨ ਦਾ ਜ਼ਿਆਦਾ ਪੈਣਾ ਜਾਂ ਮਹਾਂਵਾਰੀ ਤੋਂ ਬਿਨਾਂ ਖੂਨ ਦਾ ਪੈਣਾ, ਨਾ ਠੀਕ ਹੋਣ ਵਾਲਾ ਮੂੰਹ ਦਾ ਅਲਸਰ ਆਦਿ ਕੈਂਸਰ ਦੇ ਮੁੱਖ ਲੱਛਣ ਹਨ। ਉਨ੍ਹਾਂ ਦੱਸਿਆ ਕਿ ਛਾਤੀ, ਕੋਲਨ, ਪਰੋਸਟੈਟ, ਪੇਟ, ਜਿਗਰ, ਚਮੜੀ, ਮੂੰਹ, ਗਰਦਨ, ਗਲੇ, ਬੱਚੇਦਾਨੀ, ਸਰਵਾਈਕਲ, ਗੁਰਦੇ, ਯੋਨੀ, ਦਿਮਾਗ, ਥਾਈਰਾਈਡ, ਬਲੱਡ, ਅੱਖਾਂ ਤੇ ਰੀਡ ਦੀ ਹੱਡੀ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦਾ ਕੈਂਸਰ ਹੋ ਸਕਦਾ ਹੈ। ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਡਾ. ਪਰੁਲ ਗੁਪਤਾ ਨੇ ਦੱਸਿਆ ਕਿ ਕੈਂਸਰ ਸਿਗਰਟ, ਪਾਨ, ਤੰਬਾਕੂ, ਖੈਣੀ, ਗੁਟਕਾ, ਸ਼ਰਾਬ ਆਦਿ ਦੀ ਵਰਤੋਂ ਕਰਕੇ, ਜ਼ਿਆਦਾ ਕੀਟ ਨਾਸ਼ਕ ਸਪਰੇਅ ਕਰਨ ਨਾਲ, ਮੋਟਾਪਾ ਤੇ ਮਿਲਾਵਟ ਵਾਲੀਆਂ ਚੀਜ਼ਾਂ ਦੇ ਖਾਣ ਪੀਣ ਨਾਲ ਹੋ ਸਕਦਾ ਹੈ। ਇਸ ਮੌਕੇ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਬਲਜਿੰਦਰ ਸਿੰਘ, ਜਸਵਿੰਦਰ ਕੌਰ, ਗੁਰਦੀਪ ਸਿੰਘ, ਡੀਪੀਐਮ ਡਾ. ਕਸੀਤਿਜ ਸੀਮਾ, ਜ਼ਿਲ੍ਹਾ ਫਾਰਮੇਸੀ ਅਫ਼ਸਰ ਸੰਦੀਪ ਸਿੰਘ, ਜਸਵੰਤ ਸਿੰਘ, ਗਗਨ ਥੰਮਣ, ਧਰਮ ਸਿੰਘ ਆਦਿ ਮੌਜੂਦ ਸਨ।