ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਸਰਹਿੰਦ ਤੋਂ ਬੱਸ ਰਵਾਨਾ
ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਸਰਹਿੰਦ ਤੋਂ ਬੱਸ ਰਵਾਨਾ
Publish Date: Fri, 13 Mar 2026 05:53 PM (IST)
Updated Date: Fri, 13 Mar 2026 05:54 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਵਾਰਡ ਨੰਬਰ 3 ਪ੍ਰੀਤ ਨਗਰ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਅਧੀਨ ਮੋਤਹਵਰ ਵਿਅਕਤੀਆਂ ਦੀ ਹਾਜ਼ਰੀ ਵਿੱਚ ਵਿਧਾਇਕ ਲਖਬੀਰ ਸਿੰਘ ਰਾਏ ਨੇ ਝੰਡੀ ਦੇ ਕੇ ਤੀਰਥ ਯਾਤਰਾ ਲਈ ਬੱਸ ਰਵਾਨਾ ਕੀਤੀ। ਵਿਧਾਇਕ ਰਾਏ ਨੇ ਕਿਹਾ ਕਿ ਸੈਰ ਸਪਾਟਾ ਵਿਭਾਗ ਤਹਿਤ ਰੱਖੇ ਫੰਡ ਦਾ ਅਸਲ ਉਦੇਸ਼ ਹੁਣ ਆਮ ਲੋਕਾਂ ਨੂੰ ਪਤਾ ਲੱਗ ਰਿਹਾ ਹੈ ਕਿ ਇਹ ਫੰਡ ਕਿਸ ਲਈ ਵਰਤਿਆ ਜਾਂਦਾ ਹੈ। ਪਹਿਲਾਂ ਵੀ ਸਰਕਾਰਾਂ ਫੰਡ ਰੱਖਦੀਆਂ ਸਨ ਪਰ ਉਸ ਦੀ ਵਰਤੋਂ ਬਾਰੇ ਲੋਕਾਂ ਨੂੰ ਜਾਣਕਾਰੀ ਨਹੀਂ ਹੁੰਦੀ ਸੀ। ਇਸ ਜਥੇ ਵਿਚ 40 ਵਿਅਕਤੀ ਸ਼ਾਮਲ ਹਨ ਜੋ ਦਰਬਾਰ ਸਾਹਿਬ, ਦੁਰਗਿਆਨਾ ਮੰਦਰ, ਵਾਲਮੀਕੀ ਤੀਰਥ ਅੰਮ੍ਰਿਤਸਰ ਤੇ ਵਾਹਗਾ ਬਾਰਡਰ ਦੇ ਦਰਸ਼ਨ ਕਰਨਗੇ। ਯਾਤਰਾ ਦੌਰਾਨ ਰਹਿਣ ਸਹਿਣ ਤੇ ਖਾਣ ਪੀਣ ਦਾ ਪੂਰਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ। ਵਾਪਸੀ ਉਪਰੰਤ ਯਾਤਰੀਆਂ ਨੂੰ ਤੋਹਫੇ ਵੀ ਦਿੱਤੇ ਜਾਣਗੇ। ਸਰਹਿੰਦ ਵਾਰਡ ਨੰਬਰ ਤਿੰਨ ਦੀ ਕੌਂਸਲਰ ਦਵਿੰਦਰ ਕੌਰ ਨੇ ਕਿਹਾ ਕਿ ਸਰਕਾਰ ਦੀ ਇਹ ਯੋਜਨਾ ਬਹੁਤ ਸ਼ਲਾਘਾਯੋਗ ਹੈ ਜਿਸ ਨਾਲ ਆਰਥਿਕ ਤੌਰ ਤੇ ਕਮਜ਼ੋਰ ਵਿਅਕਤੀ ਵੀ ਤੀਰਥ ਯਾਤਰਾ ਕਰ ਸਕਦੇ ਹਨ ਜੋ ਪਹਿਲਾਂ ਸੋਚ ਵੀ ਨਹੀਂ ਸਕਦੇ ਸਨ। ਉਹ ਵਿਧਾਇਕ ਰਾਏ ਪ੍ਰਤੀ ਹਮੇਸ਼ਾ ਰਿਣੀ ਰਹਿਣਗੀ ਜਿਨ੍ਹਾਂ ਵੱਲੋਂ ਵਾਰਡ ਵਾਸੀਆਂ ਨੂੰ ਸਰਕਾਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਪ੍ਰਿਤਪਾਲ ਸਿੰਘ ਜੱਸੀ, ਰਮੇਸ਼ ਕੁਮਾਰ ਸੋਨੂੰ, ਬੰਟੀ ਸੈਣੀ, ਮਾਨਵ ਟਿਵਾਣਾ, ਸਤੀਸ਼ ਲਟੌਰ, ਬਹਾਦਰ ਖਾਨ, ਐਡਵੋਕੇਟ ਗੁਰਮੀਤ ਬਾਜਵਾ, ਬਲਵੀਰ ਸੋਢੀ, ਬਲਦੇਵ ਜਲਾਲ ਤੇ ਬਹਾਦਰ ਜਲਾਲ ਸਮੇਤ ਹੋਰ ਵੀ ਮੌਜੂਦ ਸਨ।