ਬਜਟ ‘ਵਿਕਸਿਤ ਭਾਰਤ’ ਦੀ ਸਪੱਸ਼ਟ ਤਸਵੀਰ : ਡਾ. ਸ਼ੁਕਲਾ
ਬਜਟ ਵਿਕਸਿਤ ਭਾਰਤ ਦੀ ਸਪੱਸ਼ਟ ਤਸਵੀਰ ਡਾ. ਰਘਵੀਰ ਸ਼ੁਕਲਾ
Publish Date: Sun, 01 Feb 2026 06:03 PM (IST)
Updated Date: Sun, 01 Feb 2026 06:04 PM (IST)

ਗੁਰਚਰਨ ਜੰਜੂਆ, ਪੰਜਾਬੀ ਜਾਗਰਣ, ਅਮਲੋਹ : ਉੱਘੇ ਸਮਾਜ ਸੇਵੀ ਡਾ. ਰਘਵੀਰ ਸ਼ੁਕਲਾ ਨੇ ਕੇਂਦਰ ਸਰਕਾਰ ਦੇ ਬਜਟ ਨੂੰ ‘ਵਿਕਸਿਤ ਭਾਰਤ’ ਦੀ ਸਪਸ਼ਟ ਰੂਪ ਰੇਖਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪੇਸ਼ ਕੀਤਾ ਗਿਆ ਇਹ ਬਜਟ ਦੇਸ਼ ਦੇ ਹਰ ਵਰਗ ਤੇ ਹਰ ਖੇਤਰ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ। ਗਰੀਬ, ਕਿਸਾਨ, ਮਹਿਲਾ, ਯੁਵਾ, ਵਪਾਰੀ ਅਤੇ ਉਦਯੋਗ ਸਭ ਦੀ ਚਿੰਤਾ ਇਸ ਬਜਟ ਵਿੱਚ ਦਿਖਾਈ ਦਿੰਦੀ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਦੇਸ਼ ਨੂੰ ਆਤਮਨਿਰਭਰ ਬਣਾਉਣ ਅਤੇ ਭਾਰਤ ਨੂੰ ਵਿਸ਼ਵ ਪੱਧਰ ’ਤੇ ਮਜ਼ਬੂਤ ਆਰਥਿਕ ਤਾਕਤ ਬਣਾਉਣ ਵੱਲ ਇਕ ਵੱਡਾ ਕਦਮ ਹੈ। ਕਿਸਾਨਾਂ ਲਈ ਕੀਤੀਆਂ ਘੋਸ਼ਣਾਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਖੇਤੀਬਾੜੀ ਖੇਤਰ ਵਿਚ ਫਸਲ ਸਟੋਰੇਜ, ਪ੍ਰੋਸੈਸਿੰਗ ਤੇ ਕਿਸਾਨਾਂ ਦੀ ਆਮਦਨ ਵਧਾਉਣ ’ਤੇ ਖਾਸ ਧਿਆਨ ਦਿੱਤਾ ਗਿਆ ਹੈ। ਛੋਟੇ ਕਿਸਾਨਾਂ ਲਈ 20 ਹਜ਼ਾਰ ਰੁਪਏ ਤੱਕ ਦੇ ਕਰਜ਼ੇ ਅਤੇ ਰੁਜ਼ਗਾਰ ਦੇ ਮੌਕੇ ਵਧਾਉਣ ਵਾਲੀਆਂ ਯੋਜਨਾਵਾਂ ਕਿਸਾਨੀ ਅਰਥਵਿਵਸਥਾ ਨੂੰ ਮਜ਼ਬੂਤੀ ਦੇਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬਿਆਂ ਲਈ ਇਹ ਬਜਟ ਖਾਸ ਤੌਰ ’ਤੇ ਲਾਭਕਾਰੀ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਮਹਿਲਾ ਸੈਲਫ ਹੈਲਪ ਗਰੁੱਪਾਂ, ਯੁਵਾਵਾਂ ਲਈ ਰੋਜ਼ਗਾਰ, ਉਦਯੋਗਿਕ ਵਿਕਾਸ, ਸੜਕਾਂ, ਰੇਲਵੇ ਅਤੇ ਮੈਡੀਕਲ ਹੱਬ ਵਰਗੀਆਂ ਯੋਜਨਾਵਾਂ ਦੇਸ਼ ਦੀ ਬੁਨਿਆਦੀ ਢਾਂਚਾ ਵਿਕਾਸ ਨੂੰ ਨਵੀਂ ਰਫ਼ਤਾਰ ਦੇਣਗੀਆਂ। ‘ਮੇਕ ਇਨ ਇੰਡੀਆ’ ਤੇ ‘ਲੋਕਲ ਟੂ ਗਲੋਬਲ’ ਦੀ ਸੋਚ ਨਾਲ ਘਰੇਲੂ ਉਦਯੋਗਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ, ਜਿਸ ਨਾਲ ਨਿਵੇਸ਼ ਅਤੇ ਰੁਜ਼ਗਾਰ ਦੋਵੇਂ ਵਧਣਗੇ। ਉਨ੍ਹਾਂ ਕਿਹਾ ਕਿ ਸਿੱਖਿਆ ਅਤੇ ਸਿਹਤ ਖੇਤਰ ਵਿੱਚ ਵੀ ਬਜਟ ਨੇ ਨਵੇਂ ਮੌਕੇ ਖੋਲ੍ਹੇ ਹਨ। ਕੈਂਸਰ ਇੰਸਟੀਚਿਊਟ, ਹੈਲਥ ਸੈਂਟਰ ਅਤੇ ਇੰਫ੍ਰਾਸਟ੍ਰਕਚਰ ਪ੍ਰਾਜੈਕਟਾਂ ਨਾਲ ਪੰਜਾਬ ਅਤੇ ਉੱਤਰੀ ਭਾਰਤ ਨੂੰ ਵੱਡਾ ਲਾਭ ਮਿਲੇਗਾ।