ਮਾਤਾ ਗੁਜਰੀ ਕਾਲਜ ਵਿਖੇ ਪੰਜਾਬੀ ਵਿਭਾਗ ਦੇ ਅਧਿਆਪਕ ਦੀ ਕਿਤਾਬ ਰਿਲੀਜ਼
ਮਾਤਾ ਗੁਜਰੀ ਕਾਲਜ ਵਿਖੇ ਪੰਜਾਬੀ ਵਿਭਾਗ ਦੇ ਅਧਿਆਪਕ ਦੀ ਕਿਤਾਬ ਰਿਲੀਜ਼
Publish Date: Fri, 10 Apr 2026 06:12 PM (IST)
Updated Date: Fri, 10 Apr 2026 06:14 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਮਾਤਾ ਗੁਜਰੀ ਕਾਲਜ ਦੇ ਪੰਜਾਬੀ ਵਿਭਾਗ ਦੇ ਅਧਿਆਪਕ ਡਾ. ਹਰਮਨਪ੍ਰੀਤ ਸਿੰਘ ਦੀ ਕਿਤਾਬ ‘ਪਰਵਾਸ ਚੇਤਨਾ: ਪੰਜਾਬੀ ਨਾਵਲ’ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਵੱਲੋਂ ਰਿਲੀਜ਼ ਕੀਤੀ ਗਈ। ਇਸ ਕਿਤਾਬ ਵਿਚ ਇਹ ਸੱਚ ਵਿਚਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਹ ਕਿਹੜੇ ਕਾਰਨ ਜਾਂ ਹਾਲਾਤ ਹਨ ਜਿੰਨ੍ਹਾਂ ਨੇ ਪੰਜਾਬੀਆਂ ਨੂੰ ਪਰਵਾਸ ਕਰਨ ਲਈ ਮਜਬੂਰ ਕੀਤਾ ਜਾਂ ਉਹ ਕਿਹੜੇ ਸਬਜ਼ਬਾਗ ਹਨ ਜਿੰਨ੍ਹਾਂ ਦਾ ਕੀਲਿਆ ਪੰਜਾਬੀ ਜਨਮ ਭੂਮੀ, ਜ਼ਮੀਨ ਜਾਇਦਾਦ, ਰਿਸ਼ਤੇ-ਨਾਤੇ ਅਤੇ ਆਪਣੀ ਸਰਦਾਰੀ ਤਿਆਗ ਕੇ ਬਾਹਰਲੇ ਮੁਲਕਾਂ ਵਿਚ ਜਾ ਕੇ ਬੇਗਾਨਗੀ ਦੇ ਅਹਿਸਾਸ ਅਤੇ ਅਣਸੁਲਝੇ ਸਵਾਲਾਂ ਨੂੰ ਗਲੇ ਲਗਾਉਂਦਾ ਹੈ। ਡਾ. ਕਸ਼ਮੀਰ ਸਿੰਘ ਨੇ ਡਾ. ਹਰਮਨਪ੍ਰੀਤ ਸਿੰਘ ਅਤੇ ਪੰਜਾਬੀ ਵਿਭਾਗ ਨੂੰ ਇਸ ਉਪਲਬਧੀ ਲਈ ਵਧਾਈ ਦਿੰਦਿਆਂ ਕਿਹਾ ਕਿ ਇਹ ਮਾਣਮੱਤੀ ਸਫ਼ਲਤਾ ਕਾਲਜ ਦੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਲਈ ਪ੍ਰੇਰਣਾਦਾਇਕ ਸਾਬਿਤ ਹੋਵੇਗੀ। ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਸ਼ਿਦ ਰਸ਼ੀਦ ਨੇ ਵੀ ਡਾ. ਹਰਮਨਪ੍ਰੀਤ ਸਿੰਘ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਉਸਾਰੂ ਅਤੇ ਸਕਾਰਾਤਮਕ ਉਪਰਾਲੇ ਜਾਰੀ ਰੱਖਣ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪੰਜਾਬੀ ਵਿਭਾਗ ਦੇ ਅਧਿਆਪਕ ਡਾ. ਸੁਖਜੀਤ ਕੌਰ, ਪ੍ਰੋ. ਸੁਖਵਿੰਦਰ ਸਿੰਘ ਅਤੇ ਪ੍ਰੋ. ਜਸ਼ਨਪ੍ਰੀਤ ਕੌਰ ਵੀ ਮੌਜੂਦ ਸਨ।