ਭਾਜਪਾ ਨੇ ਦੇਸ਼ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕੀਤੀ : ਡਾ. ਅਮਰ
ਭਾਜਪਾ ਨੇ ਮਹਿਲਾ ਰਾਖਵੇਂਕਰਨ ਦੇ ਨਾਂ 'ਤੇ ਦੇਸ਼ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕੀਤੀ : ਡਾ. ਅਮਰ ਸਿੰਘ
Publish Date: Tue, 21 Apr 2026 05:41 PM (IST)
Updated Date: Tue, 21 Apr 2026 05:46 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਇੱਥੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਔਰਤਾਂ ਨੂੰ ਰਾਖਵਾਂਕਰਨ ਦੇ ਨਾਂ ਤੇ ਦੇਸ਼ ਵਿਚ ਅੰਡਰ ਟੇਬਲ ਡਿਲੀਮੀਟੇਸ਼ਨ ਕਰਨ ਦੀ ਸਾਜ਼ਿਸ਼ ਰਚੀ ਗਈ ਸੀ, ਪਰ ਇਹ ਚਾਲ ਲੋਕ ਸਭਾ ਵਿਚ ਨਾਕਾਮ ਹੋ ਗਈ। ਉਨ੍ਹਾਂ ਨਾਲ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਵੀ ਮੌਜੂਦ ਸਨ। ਡਾ. ਅਮਰ ਸਿੰਘ ਨੇ ਕਿਹਾ ਕਿ ਇਹ ਬਿੱਲ ਔਰਤਾਂ ਨੂੰ ਹੱਕ ਦੇਣ ਲਈ ਨਹੀਂ, ਸਗੋਂ ਲੋਕ ਸਭਾ ਹਲਕਿਆਂ ਨੂੰ ਆਪਣੇ ਸਿਆਸੀ ਫਾਇਦੇ ਲਈ ਵਧਾਉਣ ਅਤੇ ਬਦਲਣ ਦੀ ਕੋਸ਼ਿਸ਼ ਸੀ। ਭਾਜਪਾ ਨੇ ਸੋਚਿਆ ਸੀ ਕਿ ਔਰਤਾਂ ਦੇ ਨਾਂ ਤੇ ਇਸ ਗੱਲ ਨੂੰ ਲੁਕਾਇਆ ਜਾ ਸਕਦਾ ਹੈ, ਪਰ ਲੋਕਾਂ ਨੇ ਇਸ ਦਾ ਅਸਲੀ ਮਕਸਦ ਸਮਝ ਲਿਆ ਹੈ। ਉਨ੍ਹਾਂ ਕਿਹਾ ਕਿ ਜੇ ਭਾਜਪਾ ਸੱਚਮੁੱਚ ਔਰਤਾਂ ਨੂੰ ਰਾਖਵੇਂਕਰਨ ਦਾ ਲਾਭ ਦੇਣਾ ਚਾਹੁੰਦੀ ਸੀ ਤਾਂ ਇਸ ਬਿੱਲ ਨੂੰ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਲਾਗੂ ਕੀਤਾ ਜਾ ਸਕਦਾ ਸੀ ਤਾਂ ਜੋ ਦੇਸ਼ ਵਿਚ 33 ਫੀਸਦੀ ਸੀਟਾਂ ਤੇ ਔਰਤਾਂ ਨੂੰ ਚੋਣ ਲੜਨ ਦਾ ਅਧਿਕਾਰ ਮਿਲ ਜਾਂਦਾ। ਪਰ ਇਸ ਨੂੰ ਡਿਲੀਮੀਟੇਸ਼ਨ ਨਾਲ ਜੋੜ ਕੇ ਲਟਕਾਉਣ ਦੀ ਕੋਸ਼ਿਸ਼ ਕੀਤੀ ਗਈ, ਜੋ ਸਰਕਾਰ ਦੀ ਮਾੜੀ ਨੀਅਤ ਨੂੰ ਦਰਸਾਉਂਦਾ ਹੈ। ਡਾ. ਅਮਰ ਸਿੰਘ ਨੇ ਸਪੱਸ਼ਟ ਕੀਤਾ ਕਿ ਦੇਸ਼ ਦੇ ਲੋਕ ਹੁਣ ਜਾਗਰੂਕ ਹਨ ਅਤੇ ਉਨ੍ਹਾਂ ਨੂੰ ਗੁਮਰਾਹ ਕਰਨਾ ਆਸਾਨ ਨਹੀਂ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ, ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ, ਗੁਰਬਰਿੰਦਰ ਸਿੰਘ ਭਗੜਾਣਾ, ਸਾਬਕਾ ਸਰਪੰਚ ਦਵਿੰਦਰ ਸਿੰਘ ਜੱਲਾ, ਪਰਮਵੀਰ ਸਿੰਘ ਟਿਵਾਣਾ, ਬਹਾਦਰ ਸਿੰਘ ਸਾਨੀਪੁਰ, ਪਵਨ ਕਾਲੜਾ, ਕਰਮਜੀਤ ਸਿੰਘ ਸੁਹਾਗਹੇੜੀ, ਗੁਰਲਾਲ ਸਿੰਘ ਲਾਲੀ, ਜਸਵਿੰਦਰ ਸਿੰਘ ਰਿਉਣਾ, ਸ਼ਿੰਦਰਪਾਲ ਸਿੰਘ ਭਮਾਰਸੀ, ਪਰਵਿੰਦਰ ਸਿੰਘ ਗੋਲੂੰ, ਤਰਨਪ੍ਰੀਤ ਸਿੰਘ ਟੋਹੜਾ ਤੇ ਬਿੱਲੂ ਮਸ਼ਾਲ ਸਮੇਤ ਹੋਰ ਆਗੂ ਮੌਜੂਦ ਸਨ।