ਵਿਰੋਧ ਛੱਡ ਕੇ ਭਾਜਪਾ ਆਗੂ ਗੱਠਜੋੜ ਵੱਲ ਧਿਆਨ ਦੇਣ : ਬਾਜਵਾ
ਵਿਰੋਧ ਛੱਡ ਕੇ ਭਾਜਪਾ ਆਗੂ ਗੱਠਜੋੜ ਦੀ ਵੱਲ ਧਿਆਨ ਦੇਣ : ਬਾਜਵਾ
Publish Date: Sat, 07 Feb 2026 05:22 PM (IST)
Updated Date: Sun, 08 Feb 2026 04:03 AM (IST)

ਵਿਰੋਧ ਛੱਡ ਕੇ ਭਾਜਪਾ ਆਗੂ ਗੱਠਜੋੜ ਦੀ ਵੱਲ ਧਿਆਨ ਦੇਣ : ਬਾਜਵਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸ੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਮੁੱਖ ਬੁਲਾਰੇ ਕੈਪਟਨ ਜਸਵੰਤ ਸਿੰਘ ਬਾਜਵਾ ਨੇ ਭਾਜਪਾ ਆਗੂਆਂ ਨੂੰ ਅਕਾਲੀ ਦਲ ਦਾ ਵਿਰੋਧ ਛੱਡ ਕੇ ਗੱਠਜੋੜ ਵੱਲ ਧਿਆਨ ਦੇਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਕੁਝ ਆਗੂ ਅੰਦਰ ਖਾਤੇ ਅਪਣੇ ਭਾਸ਼ਣਾ ਦੁਆਰਾ ਪਾਰਟੀ ਨੂੰ ਵੱਡੀ ਸੱਟ ਮਾਰ ਰਹੇ ਹਨ। ਇਨ੍ਹਾਂ ਆਗੂਆਂ ਵੱਲੋਂ ਸ੍ਰੋਮਣੀ ਅਕਾਲੀ ਦਲ ਵਿਰੁੱਧ ਉੱਗਲੀ ਜਾ ਰਹੀ ਅੱਗ ਆਖ਼ਿਰ ਕਿੱਧਰ ਇਸ਼ਾਰਾ ਕਰਦੀ ਹੈ। ਭਾਜਪਾ ਨੂੰ ਯਾਦ ਹੋਣਾ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਐਨਡੀਏ ਸੰਗਠਨ ’ਚ ਪ੍ਰਕਾਸ਼ ਸਿੰਘ ਬਾਦਲ ਦੀ ਅਹਿਮ ਭੂਮਿਕਾ ਰਹੀ ਹੈ। ਇਹ ਸ਼੍ਰੋਮਣੀ ਅਕਾਲੀ ਦਲ ਹੀ ਸੀ ਜਿਸ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਪ੍ਰਧਾਨ ਮੰਤਰੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਅਫਸੋਸ ਦੀ ਗੱਲ ਹੈ ਕਿ ਭਾਜਪਾ ਸੱਤਾ ਦੇ ਨਸ਼ੇ ਵਿੱਚ ਸਭ ਕੁਝ ਭੁੱਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਵਿੱਚ ਬਾਦਲ ਪਰਿਵਾਰ ਦਾ ਭਾਰੀ ਯੋਗਦਾਨ ਸੀ। ਅਫਸੋਸ ਦੀ ਗੱਲ ਹੈ ਕਿ ਇੱਕ ਪਾਸੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਤੋਂ ਹਰ ਕੰਮ ਲਈ ਅਸ਼ੀਰਵਾਦ ਪ੍ਰਾਪਤ ਕਰਦੇ ਰਹੇ ਹਨ ਅਤੇ ਦੂਜੇ ਪਾਸੇ ਭਾਜਪਾ ਦੇ ਕੁੱਝ ਪ੍ਰਮੁੱਖ ਆਗੂ ਭੜਕਾਊ ਅਤੇ ਪੱਖਪਾਤੀ ਬਿਆਨ ਦਾਗ ਕੇ ਪਾਰਟੀ ਦੀ ਸਾਖ਼ ਨੂੰ ਖੋਰਾ ਲਗਾ ਰਹੇ ਹਨ। ਕੈਪਟਨ ਜਸਵੰਤ ਸਿੰਘ ਨੇ ਅੱਗੇ ਕਿਹਾ ਕਿ ਭਾਜਪਾ ਵਿਸ਼ੇਸ਼ ਕਰਕੇ ਪੰਜਾਬ ਵਿੱਚ ਆਪਣੇ ਜਨਤਕ ਅਧਾਰ ਦੀ ਪੜਚੋਲ ਕਰੇ ਕਿ ਉਹ ਕਿਥੇ ਖੜ੍ਹੀ ਹੈ। ਚੰਗਾ ਹੋਵੇ ਜੇਕਰ ਭਾਜਪਾ ਦੇ ਇਹ ਆਗੂ ਆਪਣੇ ਨਿੱਜੀ ਸਵਾਰਥਾਂ ਨੂੰ ਤਿਆਗ ਕੇ ਗੱਠਜੋੜ ਦੀ ਜ਼ਰੂਰਤ ਉੱਤੇ ਬੱਲ ਦੇਣ। ਵਿਰੋਧੀ ਪਾਰਟੀਆਂ ਨੂੰ ਵਿਛਾੜਣ ਲਈ ਇਹ ਸੁਨਹਿਰੀ ਮੌਕਾ ਹੈ। ਬਾਜਵਾ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਨੂੰ ਅਪਣੀ ਸ਼ਕਤੀ ਦੀ ਤੁਲਨਾ ਦੂਸਰਿਆਂ ਸੂਬਿਆਂ ਨਾਲ ਨਹੀਂ ਕਰਨੀ ਚਾਹੀਦੀ। ਪੰਜਾਬ ਵਿੱਚ ਇਕੱਲੀ ਭਾਜਪਾ ਲਈ ਅਜੇ ਦਿੱਲੀ ਦੂਰ ਲੱਗਦੀ ਹੈ।