ਭਾਜਪਾ ਗਰੀਬਾਂ ਨਾਲ ਕਰ ਰਹੀ ਧੱਕਾ : ਅਤਾਪੁਰ
ਮਨਰੇਗਾ ਦਾ ਨਾਂਅ ਬਦਲਣ ਦੀ ਆੜ ’ਚ ਭਾਜਪਾ ਗਰੀਬਾਂ ਦੇ ਚੁੱਲ੍ਹੇ ਠੰਢੇ ਕਰ ਰਹੀ ਹੈ: ਕਾਂਗਰਸੀ ਆਗੂ
Publish Date: Fri, 02 Jan 2026 05:50 PM (IST)
Updated Date: Fri, 02 Jan 2026 05:53 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਮਨਰੇਗਾ ਸਕੀਮ ਦੇ ਨਾਂਅ ਵਿਚ ਬਦਲਾਅ ਕਰਨ ਦੇ ਫੈਸਲੇ ਦੀ ਤਿੱਖੀ ਨਿੰਦਾ ਕਰਦਿਆਂ ਕਾਂਗਰਸੀ ਆਗੂਆਂ ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਅਤਾਪੁਰ, ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਬਧੌਛੀ, ਮਾਰਕਫੈੱਡ ਪੰਜਾਬ ਦੇ ਡਾਇਰੈਕਟਰ ਦਵਿੰਦਰ ਸਿੰਘ ਜੱਲਾ, ਕਿਸਾਨ ਕਾਂਗਰਸ ਪੰਜਾਬ ਦੇ ਮੀਤ ਪ੍ਰਧਾਨ ਜਗਦੀਪ ਸਿੰਘ ਨੰਬਰਦਾਰ, ਜ਼ਿਲ੍ਹਾ ਕਾਂਗਰਸ ਦੇ ਪ੍ਰੈੱਸ ਮੀਡਿਆ ਇੰਚਾਰਜ ਪਰਮਵੀਰ ਸਿੰਘ ਟਿਵਾਣਾ ਨੇ ਕਿਹਾ ਕਿ ਭਾਜਪਾ ਨੇ ਨਾਂ ਸਿਰਫ਼ ਸਕੀਮ ਦਾ ਨਾਮ ਹੀ ਬਦਲਿਆ ਹੈ ਸਗੋਂ ਗਰੀਬਾਂ ਦਾ ਰੁਜ਼ਗਾਰ ਵੀ ਮਾਰਿਆ ਜਾ ਰਿਹਾ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਤਿੱਖਾ ਵਾਰ ਕਰਦਿਆਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਸੂਬਾ ਸਰਕਾਰ ਕੇਂਦਰ ਅੱਗੇ ਪੰਜਾਬ ਦੇ ਹੱਕਾਂ ਦੀ ਰੱਖਿਆ ਕਰਨ ਵਿਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਸਿਰਫ਼ ਇਸ਼ਤਿਹਾਰਬਾਜ਼ੀ ਅਤੇ ਜੁਮਲਿਆਂ ਦੀ ਸਰਕਾਰ ਬਣ ਕੇ ਰਹਿ ਗਈ ਹੈ। ਜ਼ਮੀਨੀ ਪੱਧਰ ’ਤੇ ਨਾ ਤਾਂ ਰੋਜ਼ਗਾਰ ਦੇ ਮੌਕੇ ਬਣ ਰਹੇ ਹਨ ਅਤੇ ਨਾ ਹੀ ਮਜ਼ਦੂਰਾਂ ਨੂੰ ਉਨ੍ਹਾਂ ਦਾ ਹੱਕ ਮਿਲ ਰਿਹਾ ਹੈ। ਉਨ੍ਹਾਂ ਅੰਤ ਵਿਚ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਗਰੀਬ, ਮਜ਼ਦੂਰ ਅਤੇ ਕਿਸਾਨ ਦੇ ਹੱਕਾਂ ਲਈ ਡਟ ਕੇ ਲੜਦੀ ਆਈ ਹੈ ਅਤੇ ਭਵਿੱਖ ਵਿਚ ਵੀ ਭਾਜਪਾ ਦੀ ਲੋਕ-ਵਿਰੋਧੀ ਨੀਤੀਆਂ ਦਾ ਡਟ ਕੇ ਵਿਰੋਧ ਕਰਦੀ ਰਹੇਗੀ। ਇਸ ਮੌਕੇ ਸਾਬਕਾ ਸਰਪੰਚ ਤੀਰਥ ਸਿੰਘ ਸੌਂਢਾ, ਰਣਬੀਰ ਸਿੰਘ ਹੈਪੀ, ਗੁਰਜੰਟ ਸਿੰਘ ਜੱਲਾ, ਲਖਵਿੰਦਰ ਸਿੰਘ ਲੱਖੀ ਆਦਿ ਮੌਜੂਦ ਸਨ।