ਨੌਜਵਾਨਾਂ ਨੂੰ ਕਾਰੋਬਾਰੀ ਬਾਰੀਕੀਆਂ ਬਾਰੇ ਕਰਾਇਆ ਜਾਣੂ
ਬੜਿੰਗ ਵੱਲੋਂ 10 ਉਭਰਦੇ ਸਟਾਰਟਅੱਪਸ ਦੀ ਸਫਲ ਰਹਿਨੁਮਾਈ
Publish Date: Mon, 12 Jan 2026 04:48 PM (IST)
Updated Date: Mon, 12 Jan 2026 04:51 PM (IST)

ਪੰਜਾਬੀ ਜਾਗਰਣ ਟੀਮ, ਪੰਜਾਬੀ ਜਾਗਰਣ, ਅ਼ਮਲੋਹ : ਹਲਕਾ ਅਮਲੋਹ ਤੋਂ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਇੰਡੀਅਨ ਸਕੂਲ ਆਫ਼ ਬਿਜ਼ਨਸ ਅਤੇ ਪੀਸੀਪੀ ਦੇ ਬਿਜ਼ਨਸ ਐਕਸਲੇਟਰ ਪ੍ਰੋਗਰਾਮ ਤਹਿਤ 10 ਉਭਰਦੇ ਸਟਾਰਟਅੱਪਸ ਦੀ ਰਹਿਨੁਮਾਈ ਕੀਤੀ। ਦੋ ਦਿਨਾਂ ਤੱਕ ਚੱਲੇ ਇਸ ਵਿਸ਼ੇਸ਼ ਸਿਖਲਾਈ ਸੈਸ਼ਨ ਤੋਂ ਬਾਅਦ ਇਸ ਸੈਸ਼ਨ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਨੌਜਵਾਨ ਫਾਊਂਡਰਾਂ ਨੂੰ ਕਾਰੋਬਾਰੀ ਬਾਰੀਕੀਆਂ ਸਿਖਾਈਆਂ ਅਤੇ ਨਿਵੇਸ਼ਕਾਂ ਸਾਹਮਣੇ ਆਪਣੇ ਪ੍ਰੋਜੈਕਟ ਪੇਸ਼ ਕਰਨ ਦੇ ਗੁਰ ਦੱਸੇ। ਲੋਕ ਸੰਪਰਕ ਵਿਭਾਗ ਵੱਲੋ ਜਾਰੀ ਪ੍ਰੈਸ ਨੋਟ ਅਨੁਸਾਰ, ਵਿਧਾਇਕ ਗੈਰੀ ਬੜਿੰਗ ਨੇ ਕਿਹਾ ਕਿ ਇਹ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਮੈਨੂੰ 10 ਹੋਣਹਾਰ ਸਟਾਰਟਅੱਪਸ ਦੇ ਨਾਲ ਕੰਮ ਕਰਨ ਅਤੇ ਉਨ੍ਹਾਂ ਨੂੰ ਮਾਰਗਦਰਸ਼ਨ ਦੇਣ ਦਾ ਮੌਕਾ ਮਿਲਿਆ। ਇਹ ਦੋ ਦਿਨ ਨੌਜਵਾਨਾਂ ਦੀਆਂ ਨਵੀਆਂ ਕਾਢਾਂ ਅਤੇ ਉਨ੍ਹਾਂ ਦੇ ਉਤਸ਼ਾਹ ਨੂੰ ਸਮਝਣ ਵਿੱਚ ਬਹੁਤ ਸਹਾਈ ਰਹੇ। ਸਾਡਾ ਮੁੱਖ ਮਕਸਦ ਇਨ੍ਹਾਂ ਫਾਊਂਡਰਾਂ ਨੂੰ ਵੈਂਚਰ ਕੈਪੀਟਲ ਫੰਡਾਂ ਅਤੇ ਐਂਜਲ ਇਨਵੈਸਟਰਾਂ ਤੋਂ ਫੰਡ ਪ੍ਰਾਪਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਕਰਨਾ ਸੀ। ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਖੁਸ਼ੀ ਜ਼ਾਹਰ ਕਰਦਿਆਂ ਦੱਸਿਆ ਕਿ ਇਸ ਸਿਖਲਾਈ ਤੋਂ ਬਾਅਦ ਹੁਣ ਜ਼ਿਆਦਾਤਰ ਸਟਾਰਟਅੱਪ ਫੰਡਿੰਗ ਹਾਸਲ ਕਰਨ ਦੇ ਬਹੁਤ ਨਜ਼ਦੀਕ ਹਨ। ਪ੍ਰੈੱਸ ਨੋਟ ਅਨੁਸਾਰ ਪੰਜਾਬ ਵਿੱਚ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਆਈ ਐਸ ਬੀ ਮੋਹਾਲੀ ਅਤੇ ਪੰਜਾਬ ਕਲਚਰਲ ਪ੍ਰੋਜੈਕਟ ਦੀ ਸਾਂਝੀ ਪਹਿਲਕਦਮੀ ਕਲਚਰ ਕੈਟਾਲਿਸਟ ਨਾਮਕ ਇੱਕ ਵਿਸ਼ੇਸ਼ ਬਿਜ਼ਨਸ ਐਕਸਲੇਟਰ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ।ਇਸ ਵਿੱਚ ਮੈਂਟਰ-ਪਾਰਟਨਰ ਵਜੋਂ ਜੁੜੇ ਗੈਰੀ ਬੜਿੰਗ ਆਪਣੇ ਅੰਤਰਰਾਸ਼ਟਰੀ ਤਜ਼ਰਬੇ ਅਤੇ ਕਾਰਪੋਰੇਟ ਸੰਪਰਕਾਂ ਦੀ ਮਦਦ ਨਾਲ ਨਵੇਂ ਉੱਦਮੀਆਂ ਨੂੰ ਉਦਯੋਗ ਦੇ ਸਰਵੋਤਮ ਮੌਕੇ ਪ੍ਰਦਾਨ ਕਰਵਾ ਰਹੇ ਹਨ।