ਬਾਬਾ ਬੰਦਾ ਸਿੰਘ ਬਹਾਦਰ ਕਾਲਜ ਦੀ ਟੀਮ ਨੇ ਜਿੱਤੀ ਰਾਸ਼ਟਰੀ ਹੈਕਾਥੋਨ
ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਦੀ ਟੀਮ ਨੇ ਰਾਸ਼ਟਰੀ ਹੈਕਾਥੋਨ ਵਿਚ ਮਾਰੀ ਬਾਜ਼ੀ
Publish Date: Sun, 19 Apr 2026 04:23 PM (IST)
Updated Date: Mon, 20 Apr 2026 04:03 AM (IST)
ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਦੀ ਟੀਮ ਨੇ ਰਾਸ਼ਟਰੀ ਹੈਕਾਥੋਨ ਵਿਚ ਮਾਰੀ ਬਾਜ਼ੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ ਦੇ ਹੈਕਾਥੋਨ ‘ਭਾਰਤ ਟੈੱਕ ਐਕਸਪੀਰੀਐਂਸ 3. 0’ ਵਿਚ ਪਹਿਲਾ ਸਥਾਨ ਹਾਸਲ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ। ਇਹ ਮੁਕਾਬਲਾ ਐੱਸਵੀਆਈਈਟੀ ਪੰਜਾਬ ’ਚ ਕਰਵਾਇਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਵੱਲੋਂ ਰਣਬੀਰ ਸਿੰਘ, ਹਰਮਨਦੀਪ ਕੌਰ, ਅਮਿਤਾਭ ਬਾਤਿਸ਼ ਅਤੇ ਉਰਵਸ਼ੀ (ਟੀਮ 0×1) ਨੇ ਇਸ ਇਵੈਂਟ ਵਿਚ ਭਾਗ ਲਿਆ ਅਤੇ ਦੇਸ਼ ਭਰ ਤੋਂ ਆਈਆਂ 400 ਤੋਂ ਵੱਧ ਟੀਮਾਂ ਨਾਲ ਮੁਕਾਬਲਾ ਕਰਦੇ ਹੋਏ ਪਹਿਲਾ ਸਥਾਨ ਹਾਸਿਲ ਕੀਤਾ। ਟੀਮ ਵੱਲੋਂ ਏਆਈ ਅਧਾਰਿਤ ‘ਸੈਲਫ-ਇਵੌਲਵਿੰਗ ਵੈੱਬ ਪਲੇਟਫਾਰਮ’ ਨੂੰ ਸਮਾਰੋਹ ਦੌਰਾਨ ਪੇਸ਼ ਕੀਤਾ ਗਿਆ। ਇਹ ਸਮਾਰਟ ਸਿਸਟਮ ਯੂਜ਼ਰ ਦੇ ਵਿਹਾਰ ਨੂੰ ਸਮਝ ਕੇ ਵੈਬਸਾਈਟ ਦੀ ਕਾਰਗੁਜ਼ਾਰੀ, ਡਿਜ਼ਾਈਨ ਅਤੇ ਸਮਗਰੀ ਨੂੰ ਆਪਣੇ ਆਪ ਸੁਧਾਰਦਾ ਹੈ, ਜਿਸ ਨਾਲ ਯੂਜ਼ਰ ਨੂੰ ਹੋਰ ਬਿਹਤਰ ਅਨੁਭਵ ਪ੍ਰਾਪਤ ਹੁੰਦਾ ਹੈ। ਇਸ ਉਪਲਬਧੀ ਲਈ ਟੀਮ ਨੂੰ 1, 00, 000 ਦੀ ਨਕਦ ਰਕਮ ਨਾਲ ਸਨਮਾਨਿਤ ਕੀਤਾ ਗਿਆ।
ਇਸ ਤੋਂ ਇਲਾਵਾ, ਕਾਲਜ ਦੀ ਇਕ ਹੋਰ ਟੀਮ ਸਕੁਐਡ-404 ਨੇ ਵੀ ਆਪਣੇ ਨਵੀਨਤਮ ਵਿਚਾਰਾਂ, ਤਕਨੀਕੀ ਕੁਸ਼ਲਤਾ ਅਤੇ ਟੀਮ ਵਰਕ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੁਕਾਬਲੇ ਵਿਚ ਖ਼ਾਸ ਛਾਪ ਛੱਡੀ। ਇਸ ਟੀਮ ਨੇ ਕੜੀ ਟੱਕਰ ਦੇ ਬਾਵਜੂਦ ਦੇਸ਼ ਭਰ ਤੋਂ ਆਈਆਂ ਸੈਂਕੜਿਆਂ ਟੀਮਾਂ ਵਿਚੋਂ ਉਭਰਦਿਆਂ ਆਪਣੀ ਜਗ੍ਹਾ ਸਿਰਮੌਰ 25 ਟੀਮਾਂ ਵਿਚ ਬਣਾਈ, ਜੋ ਕਾਲਜ ਲਈ ਮਾਣ ਦੀ ਗੱਲ ਹੈ।
ਇਸ ਮੌਕੇ ’ਤੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਕਾਮਯਾਬੀ ਵਿਦਿਆਰਥੀਆਂ ਦੀ ਲਗਨ, ਨਵੀਂ ਸੋਚ ਅਤੇ ਮਿਹਨਤ ਦਾ ਸਿੱਟਾ ਹੈ। ਉਨ੍ਹਾਂ ਕਿਹਾ ਕਿ ਸੰਸਥਾ ਹਮੇਸ਼ਾਂ ਵਿਦਿਆਰਥੀਆਂ ਨੂੰ ਨਵੀਨਤਾ ਅਤੇ ਤਕਨੀਕੀ ਕੁਸ਼ਲਤਾਵਾਂ ਵੱਲ ਪ੍ਰੇਰਿਤ ਕਰਦੀ ਰਹੇਗੀ ਤਾਂ ਜੋ ਉਹ ਸੰਸਾਰ ਪੱਧਰ ’ਤੇ ਆਪਣੀ ਪਛਾਣ ਬਣਾਉਣ ਵਿਚ ਸਫਲ ਹੋਣ।
ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਡਾ. ਜਤਿੰਦਰ ਸਿੰਘ ਸੈਣੀ ਨੇ ਟੀਮਾਂ ਦੀ ਮਿਹਨਤ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿਚ ਭਾਗ ਲੈਣ ਨਾਲ ਵਿਦਿਆਰਥੀਆਂ ਦੇ ਪ੍ਰਯੋਗਾਤਮਕ ਹੁਨਰ ਅਤੇ ਆਤਮ-ਵਿਸ਼ਵਾਸ ਵਿਚ ਵਾਧਾ ਹੁੰਦਾ ਹੈ।