ਬਾਬਾ ਮਾੜੂ ਦਾਸ ਦੀ ਯਾਦ ’ਚ ਸਾਲਾਨਾ ਸਮਾਗਮ 20 ਤੋਂ ਸ਼ੁਰੂ
ਬਾਬਾ ਮਾੜੂ ਦਾਸ ਦੀ ਯਾਦ ’ਚ ਸਲਾਨਾ ਸਮਾਗਮ 20 ਤੋਂ ਸ਼ੁਰੂ
Publish Date: Wed, 18 Mar 2026 05:02 PM (IST)
Updated Date: Wed, 18 Mar 2026 05:04 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਪੰਜਾਬ ਦੀ ਕਰਮਾਂ ਵਾਲੀ ਧਰਤੀ ’ਤੇ ਅਨੇਕਾਂ ਪੀਰ, ਪੈਗੰਬਰਾਂ, ਰਿਸ਼ੀਆਂ ਮੁਨੀਆਂ ਤੇ ਗੁਰੂਆਂ ਨੇ ਜਨਮ ਲਿਆ। ਇਨ੍ਹਾਂ ਪੀਰ ਫਕੀਰਾਂ ’ਚੋਂ ਬ੍ਰਹਮ ਗਿਆਨੀ ਬਾਬਾ ਮਾੜੂ ਦਾਸ ਦੀ ਇਸ ਇਲਾਕੇ ਵਿਚ ਬੇਹੱਦ ਮਹਿਮਾ ਹੈ। ਭਾਵੇਂ ਬਾਬਾ ਮਾੜੂ ਦਾਸ ਜੀ 65 ਕੁ ਸਾਲ ਪਹਿਲਾ ਚੋਲਾ ਤਿਆਗ ਗਏ ਸਨ। ਇਸ ਇਲਾਕੇ ਦੀਆਂ ਵੱਖ-ਵੱਖ ਯੂਥ ਕਲੱਬਾਂ, ਗ੍ਰਾਮ ਪੰਚਾਇਤਾਂ, ਸਮਾਜਿਕ ਸੰਸਥਾਵਾਂ ਵੱਲੋਂ ਉਨ੍ਹਾਂ ਦੀ ਯਾਦ ਵਿਚ ਬਹੁਤ ਸਾਰੇ ਸਮਾਗਮ ਕਰਵਾਏ ਜਾਂਦੇ ਹਨ। ਜਿਨ੍ਹਾਂ ’ਚੋਂ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਸਵਰਗੀ ਕੈਪਟਨ ਕੰਵਲਜੀਤ ਸਿੰਘ ਦੇ ਜੱਦੀ ਪਿੰਡ ਸਲਾਣਾ ਦੀ ਛਿੰਝ ਜ਼ਿਕਰਯੋਗ ਹੈ। ਜਿਸ ਵਿਚ ਰੁਸਤਮੇ ਹਿੰਦ ਜੋੜਾਂ ਦੇ ਪਹਿਲਵਾਨ ਕੁਸ਼ਤੀ ਦੇ ਜੌਹਰ ਦਿਖਾਉਂਦੇ ਹਨ। ਇਲਾਕਾ ਨਿਵਾਸੀਆਂ ਦੇ ਕਹਿਣ ਮੁਤਾਬਿਕ ਉਨ੍ਹਾਂ ਜੱਜ ਦੀ ਨੌਕਰੀ ਛੱਡ ਕੇ ਸੰਤਾਂ ਦੀ ਜ਼ਿੰਦਗੀ ਆਪਣਾ ਲਈ ਸੀ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੌਕਰੀ ਇਸ ਲਈ ਛੱਡ ਦਿੱਤੀ ਕਿਉਂਕਿ ਉਨ੍ਹਾਂ ਵੱਲੋਂ ਕਿਸੇ ਨਿਰਦੋਸ਼ੇ ਨੂੰ ਸਖ਼ਤ ਸਜ਼ਾ ਸੁਣਾ ਦਿੱਤੀ ਗਈ ਸੀ। ਜਿਸ ਦਾ ਪਤਾ ਉਨ੍ਹਾਂ ਨੂੰ ਰਾਤੀ ਸੁਪਨੇ ਵਿਚ ਲੱਗਾ ਅਤੇ ਆਪਣੇ ਕੀਤੇ ’ਤੇ ਉਨ੍ਹਾਂ ਨੂੰ ਐਨਾਂ ਅਫ਼ਸੋਸ ਹੋਇਆ ਕਿ ਅਗਲੇ ਦਿਨ ਹੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਫ਼ਕੀਰ ਬਣ ਗਏ ਅਤੇ ਘੁੰਮਦੇ-ਘੁੰਮਦੇ ਪਿੰਡ ਸਲਾਣਾ ਦੀ ਖ਼ਾਲੀ ਪਈ ਜਮੀਨ ਵਿਚ ਡੇਰਾ ਲਾ ਲਿਆ। ਸਾਰਾ ਦਿਨ ਆਸ ਪਾਸ ਪਿੰਡਾਂ ਵਿਚ ਪ੍ਰਮਾਤਮਾ ਦੇ ਨਾਮ ਦਾ ਪ੍ਰਚਾਰ ਕਰਦੇ ਰਹਿੰਦੇ ਸਨ। ਪਿੰਡ ਮਾਜਰਾ ਮੰਨਾ ਸਿੰਘ ਵਾਲਾ ਵਿਖੇ ਉਨ੍ਹਾਂ ਦਾ ਤਪ ਅਸਥਾਨ ਵੀ ਬਣਿਆ ਹੋਇਆ ਹੈ ਸਮੂਹ ਨਗਰ ਨਿਵਾਸੀ ਪਿੰਡ ਮਾਜਰਾ ਮੰਨਾ ਸਿੰਘ ਵਾਲਾ ਅਤੇ ਇਲਾਕਾ ਨਿਵਾਸੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਿੰਨ ਰੋਜ਼ਾ ਸਲਾਨਾ ਸਮਾਗਮ ਕਰਵਾਇਆ ਜਾ ਰਿਹਾ ਹੈ। 20 ਮਾਰਚ ਨੂੰ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਅਤੇ 22 ਮਾਰਚ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਉਪਰੰਤ ਉਨ੍ਹਾਂ ਦੇ ਤਪ ਅਸਥਾਨ ’ਤੇ ਗੁਰਬਾਣੀ ਦੇ ਹਰਜਸ ਕੀਰਤਨ ਕੀਤੇ ਜਾਣਗੇ। ਗੁਰੂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ।