- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਕਰਵਾਇਆ ਗਿਆ ਸਲਾਨਾ ਅਥਲੈਟਿਕ ਮੀਟ ਦਾ ਸਮਾਗਮ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਕਾਲਜ ਪ੍ਰਿੰਸੀਪਲ ਡਾ. ਵਨੀਤਾ ਗਰਗ ਦੀ ਯੋਗ ਅਗਵਾਈ ਅਧੀਨ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਅਸਿਸਟੈਂਟ ਪ੍ਰੋ. ਵਿਜੈ ਕੁਮਾਰ ਤੇ ਡਾ. ਹਰਪ੍ਰੀਤ ਸਿੰਘ ਦੀ ਦੇਖਰੇਖ ਅਧੀਨ ਸਾਲਾਨਾ ਐਥਲੈਟਿਕਸ ਮੀਟ ਕਰਵਾਈ ਗਈ। ਮੀਟ ਵਿਚ ਅਮਨਪ੍ਰੀਤ ਸਿੰਘ ਸਰਪੰਚ ਪਿੰਡ ਸੈਂਪਲਾ, ਨੌਰੰਗ ਸਿੰਘ ਸਟੇਟ ਐਵਾਰਡੀ ਅਤੇ ਡਿਸਟ੍ਰਿਕ ਸਪੋਰਟਸ ਅਫ਼ਸਰ ਮਨਦੀਪ ਕੌਸ਼ਲ ਵੱਲੋਂ ਸ਼ਿਰਕਤ ਕੀਤੀ ਗਈ। ਡਾਇਰੈਕਟਰ, ਕਾਂਸਟੀਚੂਐਂਟ ਕਾਲਜਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਡਾ. ਅਮਰਇੰਦਰ ਸਿੰਘ ਵੱਲੋਂ ਮੁੱਖ ਮਹਿਮਾਨ ਦੇ ਵਜੋਂ ਭੂਮਿਕਾ ਨਿਭਾਈ ਗਈ। ਪ੍ਰਿੰਸੀਪਲ ਡਾ. ਵਨੀਤਾ ਗਰਗ ਨੇ ਵਿਦਿਆਰਥੀਆਂ ਨੂੰ ਮਾਨਸਿਕ ਤੇ ਸਰੀਰਕ ਤੰਦਰੁਸਤੀ ਵਿਚ ਖੇਡਾਂ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਨੇ ਕਾਲਜ ਦੀਆਂ ਸਲਾਨਾ ਗਤੀਵਿਧੀਆਂ ਬਾਰੇ ਰਿਪੋਰਟ ਵੀ ਪੇਸ਼ ਕੀਤੀ। ਡਾਇਰੈਕਟਰ ਕਾਂਸਟੀਚੂਐਂਟ ਕਾਲਜਾਂ ਡਾ. ਅਮਰਇੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਕ ਚੰਗੀ ਸਿਹਤ ਹੀ ਨਰੋਏ ਸਮਾਜ ਦੀ ਸਿਰਜਣਾ ਕਰ ਸਕਦੀ ਹੈ ਅਤੇ ਖੇਡਾਂ ਕੇਵਲ ਕੈਰੀਅਰ ਦੇ ਖੇਤਰ ਵਿਚ ਹੀ ਨਹੀਂ ਸਗੋਂ ਮਨੁੱਖ ਨੂੰ ਨਿਜੀ ਜ਼ਿੰਦਗੀ ਵਿਚ ਵੀ ਸਕਾਰਾਤਮਕ ਬਣਾਉਂਦੀਆਂ ਹਨ। ਇਸ ਲਈ ਵਿਦਿਆਰਥੀਆਂ ਨੂੰ ਖੇਡਾਂ ਰਾਹੀਂ ਆਪਣੇ ਆਪ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ। ਡਾ. ਅਮਰਇੰਦਰ ਸਿੰਘ ਨੇ ਕਾਲਜ ਦੇ ਸਮੁੱਚੇ ਕੰਮਕਾਜ ਦੀ ਤਾਰੀਫ਼ ਕਰਦੇ ਹੋਏ ਕਾਲਜ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਵੀ ਦਵਾਇਆ। ਇਸ ਖੇਡ ਸਮਾਗਮ ਵਿਚ ਵਿਦਿਆਰਥੀਆਂ ਨੇ ਵੱਖ-ਵੱਖ ਈਵੈਂਟ ਜਿਵੇਂ ਕਿ 100, 200, 400, 800 ਮੀਟਰ ਰੇਸ, ਰਿਲੇਅ ਰੇਸ, ਲੰਬੀ ਛਾਲ, ਗੋਲਾ ਸੁੱਟਣਾ, ਡਿਸਕਸ ਥਰੋ, ਉੱਚੀ ਛਾਲ ਅਤੇ ਰੱਸਾਕਸ਼ੀ ਦੇ ਵਿਚ ਭਾਗ ਲਿਆ। ਵੱਖ ਵੱਖ ਮੁਕਾਬਲਿਆਂ ’ਚੋਂ ਬੈਸਟ ਅਥਲੀਟ ਭਰਤ ਲਾਲ (ਲੜਕੇ) ਈਸ਼ਾ (ਲੜਕੀਆਂ) ਨੂੰ ਚੁਣਿਆ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਖੇਡਾਂ ਵਿਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਮੀਟ ਦੌਰਾਨ ਐਮਏ ਰਾਜਨੀਤੀ ਸ਼ਾਸਤਰ ਵਿਭਾਗ ਦੀਆਂ ਦੋ ਵਿਦਿਆਰਥਣਾਂ ਜਸ਼ਨਪ੍ਰੀਤ ਕੌਰ ਅਤੇ ਗੁਰਪ੍ਰੀਤ ਕੌਰ ਨੂੰ ਯੂਜੀਸੀ ਦਾ ਪੇਪਰ ਕਲੀਅਰ ਕਰਨ ਅਤੇ ਐਮ. ਏ ਇਤਿਹਾਸ ਵਿਭਾਗ ਦੀਆਂ ਵਿਦਿਆਰਥਣਾਂ ਹਰਸ਼ਜੋਤ ਕੌਰ ਅਤੇ ਕਿਰਨਜੀਤ ਕੌਰ ਨੂੰ ਯੂਨੀਵਰਸਿਟੀ ਤੋਂ ਸਬੰਧਤ ਵਿਸ਼ੇ ਵਿਚ ਗੋਲਡ ਮੈਡਲ ਹਾਸਲ ਕਰਨ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਖੇਤਰਾਂ ’ਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਦਾ ਵੀ ਸਨਮਾਨ ਕੀਤਾ ਗਿਆ। ਕਾਲਜ ਦੇ ਯੁਵਕ ਭਲਾਈ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਪ੍ਰੋ. ਅਮਨਦੀਪ ਸਿੰਘ ਦੀ ਅਗਵਾਈ ਹੇਠ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਕਾਲਜ ਗਰਾਊਂਡ ਵਿਚ ਸਮੂਹ ਅਧਿਆਪਕਾਂ ਦੁਆਰਾ ਆਪੋ ਆਪਣੀ ਡਿਊਟੀਆਂ ਨੂੰ ਬੜੀ ਤਨਦੇਹੀ ਨਾਲ ਨਿਭਾਇਆ ਗਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾ. ਦਵਿੰਦਰ ਸਿੰਘ ਅਤੇ ਪ੍ਰੋ. ਅਮਨ ਸ਼ਰਮਾ ਵੱਲੋਂ ਨਿਭਾਈ ਗਈ।