ਆਂਗਣਵਾੜੀ ਮੁਲਾਜ਼ਮਾਂ ਨੇ ਸੀਡੀਪੀਓ ਅਮਲੋਹ ਨੂੰ ਦਿੱਤਾ ਮੰਗ ਪੱਤਰ
ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਨੇ ਮੰਗਾਂ ਸਬੰਧੀ ਸੀਡੀਪੀਓ ਅਮਲੋਹ ਨੂੰ ਦਿੱਤਾ ਮੰਗ ਪੱਤਰ
Publish Date: Wed, 28 Jan 2026 06:55 PM (IST)
Updated Date: Wed, 28 Jan 2026 06:58 PM (IST)

ਗਰਗ, ਪੰਜਾਬੀ ਜਾਗਰਣ, ਅਮਲੋਹ : ਬਲਾਕ ਪ੍ਰਧਾਨ ਭੁਪਿੰਦਰ ਕੌਰ ਦੀ ਅਗਵਾਈ ਹੇਠ ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਦੀ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਤੋਂ ਬਾਅਦ ਵਫ਼ਦ ਨੇ ਸੀਡੀਪੀਓ ਹਰਜੀਤ ਕੌਰ ਨੂੰ ਮੰਗ ਪੱਤਰ ਸੌਂਪਿਆ। ਭੁਪਿੰਦਰ ਕੌਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਲਗਾਤਾਰ ਮਜ਼ਦੂਰ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ 29 ਮਜ਼ਦੂਰ ਹੱਕਾਂ ਵਾਲੇ ਕਾਨੂੰਨਾਂ ਨੂੰ ਰੱਦ ਕਰਕੇ 4 ਲੇਬਰ ਕੋਡ ਬਣਾਏ ਗਏ ਹਨ, ਜੋ ਮਜ਼ਦੂਰਾਂ ਦੇ ਅਧਿਕਾਰਾਂ ’ਤੇ ਸਿੱਧਾ ਹਮਲਾ ਹਨ। ਮਜ਼ਦੂਰ ਵਰਗ ਨੇ ਪਿਛਲੇ ਪੰਜ ਸਾਲਾਂ ਤੋਂ ਆਪਣੇ ਸੰਘਰਸ਼ ਨਾਲ ਇਨ੍ਹਾਂ ਕੋਡਾਂ ਨੂੰ ਲਾਗੂ ਹੋਣ ਤੋਂ ਰੋਕਿਆ ਹੋਇਆ ਹੈ, ਪਰ ਹੁਣ ਕੇਂਦਰ ਸਰਕਾਰ ਫਿਰ ਇਨ੍ਹਾਂ ਅਧਿਕਾਰਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੀਟਿੰਗ ਵਿੱਚ ਮੰਗ ਕੀਤੀ ਗਈ ਕਿ 3 ਤੋਂ 6 ਸਾਲ ਦੇ ਬੱਚਿਆਂ ਨੂੰ ਸਕੂਲਾਂ ਤੋਂ ਵਾਪਸ ਆਂਗਣਵਾੜੀ ਸੈਂਟਰਾਂ ਵਿਚ ਭੇਜਿਆ ਜਾਵੇ, ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਫੀਡ ਵਿੱਚ ਤੁਰੰਤ ਸੁਧਾਰ ਕੀਤਾ ਜਾਵੇ, ਹਾਈ ਕੋਰਟ ਵੱਲੋਂ ਮਨਜ਼ੂਰ ਗ੍ਰੈਚੂਟੀ ਆਂਗਣਵਾੜੀ ਵਰਕਰਾਂ ’ਤੇ ਲਾਗੂ ਕੀਤੀ ਜਾਵੇ ਅਤੇ ਮਾਣ ਭੱਤਾ ਘੱਟੋ-ਘੱਟ ਉਜਰਤ ਕਾਨੂੰਨ ਅਨੁਸਾਰ ਨਿਰਧਾਰਿਤ ਕੀਤਾ ਜਾਵੇ। ਇਸ ਮੌਕੇ ਸਰਕਲ ਸਲਾਣਾ ਦੀ ਪ੍ਰਧਾਨ ਮੀਨਾ ਰਾਣੀ, ਜਸਵਿੰਦਰ ਕੌਰ (ਸਰਕਲ ਪ੍ਰਧਾਨ ਟਿੱਬੀ), ਕਮਲਜੋਤ ਕੌਰ (ਸਰਕਲ ਪ੍ਰਧਾਨ ਭੱਦਲਥੂਹਾ), ਬਲਵਿੰਦਰ ਕੌਰ (ਸਰਕਲ ਪ੍ਰਧਾਨ ਤੂਰਾਂ) ਸਮੇਤ ਹੋਰ ਯੂਨੀਅਨ ਮੈਂਬਰ ਮੌਜੂਦ ਸਨ।