ਗਠਜੋੜ ਦੇ ਚਾਹਵਾਨ ਅਕਾਲੀ ਧੜਿਆ ਨੂੰ ਅਮਿੱਤ ਸ਼ਾਹ ਨੇ ਦਿਖਾਇਆ ਅੰਗੂਠਾ
ਭਾਜਪਾ ਨਾਲ ਗਠਜੋੜ ਦੇ ਚਾਹਵਾਨ ਦੋਵੇਂ ਅਕਾਲੀ ਧੜਿਆ ਨੂੰ ਅਮਿੱਤ ਸ਼ਾਹ ਨੇ ਦਿਖਾਇਆ ਅੰਗੂਠਾ : ਪੰਜੋਲੀ
Publish Date: Sat, 14 Mar 2026 06:01 PM (IST)
Updated Date: Sun, 15 Mar 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਹੈ ਕਿ ਭਾਜਪਾ ਨਾਲ ਗੱਠਜੋੜ ਦੀ ਉਮੀਦ ਲਗਾਈ ਬੈਠੇ ਅਕਾਲੀ ਦਲ ਦੇ ਦੋਵੇਂ ਧੜਿਆਂ ਨੂੰ ਮੋਗਾ ਰੈਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦਾ ਐਲਾਨ ਕਰ ਕੇ ਅੰਗੂਠਾ ਦਿਖਾ ਦਿੱਤਾ ਹੈ। ਉਨ੍ਹਾਂ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਰੈਲੀ ਵਿੱਚ ਸਿੱਖਾਂ ਦੀ ਤਰੀਫ਼ ਜ਼ਰੂਰ ਕੀਤੀ ਗਈ ਪਰ ਸਿੱਖਾਂ ਦੇ ਕਿਸੇ ਵੀ ਮਸਲੇ ਨੂੰ ਹੱਲ ਕਰਨ ਬਾਰੇ ਕੋਈ ਸੁਨੇਹਾ ਨਹੀਂ ਦਿੱਤਾ ਗਿਆ। ਕਰਨੈਲ ਸਿੰਘ ਪੰਜੋਲੀ ਨੇ ਚੇਤਾਵਨੀ ਦਿੱਤੀ ਕਿ ਸਿੱਖ ਪੰਥ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪੰਥਕ ਸ਼ਕਤੀ ਇਕੱਠੀ ਕੀਤੇ ਬਿਨਾਂ ਬੇਗਾਨਿਆਂ ’ਤੇ ਭਰੋਸਾ ਕਰਨਾ ਆਤਮਘਾਤੀ ਫੈਸਲਾ ਹੋਵੇਗਾ। ਅਕਾਲੀਆਂ ਨੂੰ ਹਉਮੇ ਤਿਆਗ ਕੇ ਛੋਟੀਆਂ ਗੱਲਾਂ ਛੱਡਣੀਆਂ ਚਾਹੀਦੀਆਂ ਹਨ ਅਤੇ ਵੱਡੀਆਂ ਗੱਲਾਂ ਲਈ ਏਕਤਾ ਦਾ ਰਾਹ ਅਪਣਾਉਣਾ ਚਾਹੀਦਾ ਹੈ। ਖੁਦਗਰਜ਼ੀ ਅਤੇ ਪਰਿਵਾਰਵਾਦ ਛੱਡ ਕੇ ਪੰਥ ਪ੍ਰਸਤੀ ਅਪਣਾਉਣੀ ਚਾਹੀਦੀ ਹੈ। ਨਿੱਜੀ ਰਾਜ ਦੀ ਲਾਲਸਾ ਛੱਡ ਕੇ ਪੰਥ ਅਤੇ ਪੰਜਾਬ ਦੀ ਭਾਵਨਾ ਵਾਲੇ ਰਾਜ ਦੀ ਨੀਂਹ ਰੱਖਣੀ ਚਾਹੀਦੀ ਹੈ। ਮੁਫ਼ਤ ਖੋਰੀ ਸਕੀਮਾਂ ਦਾ ਏਜੰਡਾ ਛੱਡ ਕੇ ਕਿਰਤ ਦੇ ਸਿਧਾਂਤ ਨੂੰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਕੋਲ ਅਜੇ ਵੀ ਮੌਕਾ ਹੈ ਕਿ ਉਹ 2 ਦਸੰਬਰ 2024 ਦੇ ਹੁਕਮਨਾਮੇ ਦੀ ਪਹਿਰੇਦਾਰੀ ਕਰਦਿਆਂ ਪੰਥ ਦੀਆਂ ਸਾਰੀਆਂ ਧਿਰਾਂ ਨੂੰ ਇਕੱਠਾ ਕਰਕੇ ਪੰਥ ਅਤੇ ਪੰਜਾਬ ਦਾ ਰਾਜ ਬਣਾਉਣ। ਜੇ ਅੱਜ ਵੀ ਨਾ ਸੁਣਿਆ ਤਾਂ 2027 ਦੀਆਂ ਚੋਣਾਂ ਅਕਾਲੀ ਦਲ ਲਈ ਅੰਤਿਮ ਸਮਾਂ ਸਾਬਤ ਹੋ ਸਕਦੀਆਂ ਹਨ। ਪਤਨ ਦੇ ਰਾਹ ਤੇ ਤੁਰਨ ਤੋਂ ਪਹਿਲਾਂ ਇਹ ਜ਼ਰੂਰ ਸੋਚ ਲੈਣਾ ਚਾਹੀਦਾ ਹੈ ਕਿ ਇਤਿਹਾਸ ਵਿੱਚ ਨਾਮ ਕਾਲੇ ਅੱਖਰਾਂ ਨਾਲ ਲਿਖਿਆ ਜਾਵੇਗਾ।