ਲੋਕਾਂ ਨੇ ਫਤਹਿਗੜ੍ਹ ਸਾਹਿਬ ’ਚ ਨਤਮਸਤਕ ਹੋ ਕੇ ਨਵੇਂ ਸਾਲ ਦੀ ਕੀਤੀ ਸ਼ੁਰੂਆਤ
ਕੜਾਕੇ ਦੀ ਠੰਡ ਦੌਰਾਨ ਵੱਡੀ ਗਿਣਤੀ ਲੋਕਾਂ ਵੱਲੋਂ ਫਤਹਿਗੜ੍ਹ ਸਾਹਿਬ ਨਤਮਸਤਕ ਹੋ ਕੇ ਨਵੇਂ ਸਾਲ ਦੀ ਸ਼ੁਰੂਆਤ
Publish Date: Thu, 01 Jan 2026 07:33 PM (IST)
Updated Date: Thu, 01 Jan 2026 07:35 PM (IST)

ਫ਼ੋਟੋ ਫ਼ਾਈਲ : 16 -ਨਵੇਂ ਸਾਲ ਦੇ ਪਹਿਲੇ ਦਿਨ ਦੇਰ ਸ਼ਾਮ ਤੱਕ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਜੁੜਿਆ ਸੰਗਤ ਦਾ ਇਕੱਠ। ਪਰਦੀਪ ਸਿੰਘ ਢਿੱਲੋਂ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਅੱਜ ਨਵੇਂ ਸਾਲ ਦੇ ਪਹਿਲੇ ਦਿਨ ਕੜਾਕੇ ਦੀ ਠੰਢ ਬਾਵਜੂਦ ਵੀ ਵੱਡੀ ਗਿਣਤੀ ਸ਼ਰਧਾਲੂਆਂ ਨੇ ਇਤਿਹਾਸਕ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ। ਜ਼ਿਕਰਯੋਗ ਹੈ ਕਿ 27 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸ਼ਹੀਦੀ ਸਭਾ ਦੀ ਰਸਮੀ ਸਮਾਪਤੀ ਤੋਂ ਬਾਅਦ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸੰਗਤਾਂ ਦਾ ਆਉਣਾ ਲਗਾਤਾਰ ਜਾਰੀ ਹੈ, ਪਰ ਨਵੇਂ ਸਾਲ ਦਾ ਪਹਿਲਾ ਦਿਨ ਹੋਣ ਕਾਰਨ ਸ਼ਰਧਾਲੂਆਂ ਦੀ ਆਮਦ ਵਿੱਚ ਕਾਫ਼ੀ ਵਾਧਾ ਦੇਖਣ ਨੂੰ ਮਿਲਿਆ। ਭਾਰੀ ਰਸ਼ ਕਾਰਨ ਮੁੱਖ ਮਾਰਗਾਂ ’ਤੇ ਸਾਰਾ ਦਿਨ ਟ੍ਰੈਫ਼ਿਕ ਜਾਮ ਵਰਗੇ ਹਾਲਾਤ ਬਣੇ ਰਹੇ। ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸੰਗਤ ਨੇ 2 ਤੋਂ 3 ਘੰਟੇ ਲਾਈਨਾਂ ਵਿਚ ਲੱਗ ਕੇ ਮੱਥਾ ਟੇਕਿਆ ਅਤੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ। ਸ਼ਰਧਾਲੂਆਂ ਨੇ ਕਿਹਾ ਕਿ ਜਿੱਥੇ ਉਹ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦੇਣ ਆਏ ਹਨ ਉੱਥੇ ਹੀ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਘਰ ਨਤਮਸਤਕ ਹੋ ਕੇ ਵੀ ਕਰਨਾ ਚਾਹੁੰਦੇ ਹਨ। ਸਰਦੀ ਅਤੇ ਮੀਂਹ ਦੇ ਮੌਸਮ ਬਾਵਜੂਦ ਨਵੇਂ ਸਾਲ ਮੌਕੇ ਸ਼ਰਧਾਲੂਆਂ ਨੇ ਪਾਵਨ ਸਰੋਵਰਾਂ ਵਿੱਚ ਇਸ਼ਨਾਨ ਵੀ ਕੀਤੇ। ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਤੋਂ ਇਲਾਵਾ ਗੁਰਦੁਆਰਾ ਠੰਡਾ ਬੁਰਜ, ਗੁਰਦੁਆਰਾ ਜੋਤੀ ਸਰੂਪ ਸਾਹਿਬ ਸਮੇਤ ਹੋਰ ਗੁਰੂ ਘਰਾਂ ਵਿਖੇ ਸੰਗਤ ਨਤਮਸਤਕ ਹੋਈ। ਪੰਜਾਬ ਦੇ ਸਕੂਲਾਂ ਵਿਚ ਸਰਦੀਆਂ ਦੀਆਂ ਛੁੱਟੀਆਂ 7 ਜਨਵਰੀ ਤੱਕ ਵਧਾ ਦਿੱਤੇ ਜਾਣ ਕਾਰਨ ਬੱਚੇ ਵੀ ਵੱਡੀ ਗਿਣਤੀ ਵਿਚ ਆਪਣੇ ਮਾਪਿਆ ਨਾਲ ਗੁਰੂ ਘਰਾਂ ’ਚ ਨਤਮਸਤਕ ਹੋਣ ਲਈ ਪਹੁੰਚੇ। ਗੁਰੂ ਘਰਾਂ ਵਿਚ ਨਵੇਂ ਸਾਲ ਦੀ ਸ਼ੁਰੂਆਤ ਕਰਨ ਲਈ ਵੱਡੀ ਗਿਣਤੀ ਵਿਚ ਸੰਗਤ ਕੱਲ੍ਹ ਹੀ ਪਹੁੰਚਣੀ ਸ਼ੁਰੂ ਹੋ ਗਈ ਸੀ। ਭਾਵੇਂ ਸ਼ਹੀਦੀ ਸਭਾ ਨੂੰ ਸਮਰਪਿਤ ਕੁੱਝ ਲੰਗਰ ਅਜੇ ਵੀ ਚੱਲ ਰਹੇ ਹਨ। ਇਸ ਤੋਂ ਬਿਨਾਂ ਅੱਜ ਪਹੁੰਚ ਰਹੀ ਸੰਗਤ ਲਈ ਵੀ ਕਈ ਸੰਸਥਾਵਾਂ ਵੱਲੋਂ ਵਿਸ਼ੇਸ਼ ਤੌਰ ’ਤੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਵਿਭਾਗ ਦੇ ਸਟਾਫ਼ ਨੇ ਵੀ ਅੱਜ ਸੰਗਤ ਲਈ ਦੁੱਧ ਦਾ ਲੰਗਰ ਚਲਾਇਆ। ਸਿਆਸੀ ਆਗੂ ਵੀ ਅੱਜ ਨਵੇਂ ਸਾਲ ਮੌਕੇ ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋਏ। ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਕਿਹਾ ਕਿ ਸੰਗਤਾਂ ਇਸ ਮੌਕੇ ਗੁਰੂ ਸਿਧਾਂਤਾਂ ਤੇ ਬਾਣੀ ਨਾਲ ਜੁੜਣ ਦਾ ਪ੍ਰਣ ਲੈਣ। ਸ਼ਹੀਦਾਂ ਤੋਂ ਸੇਧ ਲੈਣ ਅਤੇ ਗੁਰੂ ਸਾਹਿਬਾਨ ਅੱਗੇ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਚੱਲਣ ਦੀ ਅਰਦਾਸ ਕਰਨ। ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਨੇ ਸੰਗਤਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਬਾਣੀ ਅਤੇ ਬਾਣੇ ਨਾਲ ਜੁੜਣ ਦੀ ਅਪੀਲ ਕੀਤੀ। ਗੁਰੂ ਘਰਾਂ ਤੋਂ ਬਿਨਾਂ ਸਰਹਿੰਦ ਦੇ ਮੰਦਰਾਂ ਵਿੱਚ ਵੀ ਵੱਡੀ ਗਿਣਤੀ ਵਿੱਚ ਲੋਕ ਨਤਮਸਤਕ ਹੋਏ। ਜਿਵੇਂ ਹੀ ਬੀਤੀ ਰਾਤ ਨੂੰ ਘੜੀ ਨੇ 12 ਵਜਾਏ, ਨਵੇਂ ਸਾਲ 2026 ਦੇ ਆਗਮਨ ਮੌਕੇ ਸ਼ਹਿਰ ਵਿੱਚ ਕਈ ਥਾਵਾਂ ’ਤੇ ਅਸਮਾਨ ਨੂੰ ਰੰਗ-ਬਿਰੰਗੀਆਂ ਆਤਿਸ਼ਬਾਜ਼ੀਆਂ ਨੇ ਰੌਸ਼ਨ ਕਰ ਦਿੱਤਾ ਅਤੇ ਪਟਾਕਿਆਂ ਦੀਆਂ ਗੂੰਜਾਂ ਨਾਲ ਵਾਤਾਵਰਨ ਖੁਸ਼ੀ ਨਾਲ ਗੂੰਜ ਉੱਠਿਆ।