‘ਆਪ’ ਦੀ ਧੱਕੇਸ਼ਾਹੀ ਦੇ ਬਾਵਜੂਦ ਅਕਾਲੀ ਦਲ ਨੂੰ ਮਿਲੀ ਵੱਡੀ ਜਿੱਤ : ਰਾਜੂ ਖੰਨਾ
ਆਪ ਦੀ ਧੱਕੇਸ਼ਾਹੀ ਦੇ ਬਾਵਜੂਦ ਅਕਾਲੀ ਦਲ ਨੂੰ ਮਿਲੀ ਵੱਡੀ ਜਿੱਤ: ਰਾਜੂ ਖੰਨਾ
Publish Date: Mon, 05 Jan 2026 04:58 PM (IST)
Updated Date: Mon, 05 Jan 2026 04:59 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਆਪ ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਦੇ ਖ਼ਿਲਾਫ਼ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ’ਚ ਵੱਡਾ ਫਤਵਾ ਦਿੱਤਾ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਪਿੰਡ ਕਪੂਰਗੜ੍ਹ ਵਿਖੇ ਭਰਪੂਰਗੜ੍ਹ ਜ਼ੋਨ ਦੇ ਵਰਕਰਾਂ ਤੇ ਆਗੂਆਂ ਦੀ ਧੰਨਵਾਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਆਪ ਵੱਲੋਂ ਚੋਣਾਂ ਜਿੱਤਣ ਲਈ ਨਾਮਜ਼ਦਗੀਆਂ ਖੋਹਣ-ਫਾੜਨ, ਧਮਕੀਆਂ ਦੇਣ, ਘਰਾਂ ਵਿਚ ਨਜ਼ਰਬੰਦ ਕਰਨ ਤੇ ਕਾਗਜ਼ ਰੱਦ ਕਰਨ ਵਰਗੀ ਬੇਮਿਸਾਲ ਧੱਕੇਸ਼ਾਹੀ ਕੀਤੀ ਗਈ। ਫਿਰ ਵੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੱਡਾ ਸਮਰਥਨ ਮਿਲਿਆ ਤੇ ਕਈ ਥਾਵਾਂ ਤੇ ਜਿੱਤਾਂ ਹਾਸਲ ਕਰਕੇ ਆਪ ਤੇ ਕਾਂਗਰਸ ਦੀਆਂ ਜਮਾਨਤਾਂ ਜ਼ਬਤ ਕਰਵਾਈਆਂ, ਜੋ 2027 ਵਿਚ ਹੋਣ ਜਾ ਰਹੀ ਵੱਡੀ ਜਿੱਤ ਦੀ ਨਿਸ਼ਾਨੀ ਹੈ। ਉਨ੍ਹਾਂ ਨੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਹਰਸ਼ਦੀਪ ਸਿੰਘ ਕੁੰਜਾਰੀ ਦੀ ਚੋਣ ਲੜਨ ਦੀ ਸ਼ਲਾਘਾ ਕੀਤੀ ਤੇ ਭਰਪੂਰਗੜ ਸੰਮਤੀ ਜ਼ੋਨ ਤੋਂ ਜਿੱਤੇ ਅਮਨਦੀਪ ਕੁਮਾਰ ਕਪੂਰਗੜ੍ਹ ਨੂੰ ਵਧਾਈ ਦਿੱਤੀ। ਆਗੂ ਨੇ 2027 ਦੀਆਂ ਚੋਣਾਂ ਲਈ ਹੁਣ ਤੋਂ ਹੀ ਕਮਰਕੱਸੇ ਦੀ ਅਪੀਲ ਕੀਤੀ। ਇਸ ਮੌਕੇ ਵਰਕਰਾਂ ਤੇ ਆਗੂਆਂ ਨੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਯੂਥ ਆਗੂ ਹਰਸ਼ਦੀਪ ਸਿੰਘ ਕੁੰਜਾਰੀ ਤੇ ਬਲਾਕ ਸੰਮਤੀ ਮੈਂਬਰ ਅਮਨਦੀਪ ਕੁਮਾਰ ਕਪੂਰਗੜ੍ਹ ਦਾ ਸਨਮਾਨ ਕੀਤਾ। ਇਸ ਮੌਕੇ ਸਰਕਲ ਪ੍ਰਧਾਨ ਜਥੇਦਾਰ ਹਰਿੰਦਰ ਸਿੰਘ ਦੀਵਾ, ਜਥੇਦਾਰ ਹਰਚੰਦ ਸਿੰਘ ਕਪੂਰਗੜ੍ਹ, ਜਗਤਾਰ ਸਿੰਘ ਜੱਗੀ ਟਿੱਬੀ, ਅਮੋਲਕ ਸਿੰਘ ਕੁੰਜਾਰੀ, ਬਲਵੀਰ ਸਿੰਘ ਸਾਬਕਾ ਸਰਪੰਚ, ਅਮਰੀਕ ਸਿੰਘ ਮੇਜੀ, ਬਿੱਟੂ ਕਪੂਰਗੜ੍ਹ, ਤਰਸੇਮ ਸਿੰਘ ਤੂਫਾਨ, ਹੈਪੀ ਕਪੂਰਗੜ੍ਹ, ਪ੍ਰਿੰਸ ਕੁੰਜਾਰੀ, ਗਿਆਨ ਸਿੰਘ ਲੱਲੋ, ਗੁਰਪ੍ਰੀਤ ਸਿੰਘ ਟਿੱਬੀ, ਸੰਤ ਸਿੰਘ ਲੱਲੋ, ਕਰਮਜੀਤ ਸਿੰਘ ਭਰਪੂਰਗੜ, ਸੁਦਾਗਰ ਸਿੰਘ ਦੀਵਾ, ਪੌਪੀ ਲੱਲੋ, ਨਰਿੰਦਰ ਸਿੰਘ ਕਪੂਰਗੜ੍ਹ ਆਦਿ ਮੌਜੂਦ ਸਨ।