ਸ਼ਹਿਰ ’ਚ ਫੈਲੀ ਗੰਦਗੀ ਦੂਰ ਕਰਵਾਏ ਪ੍ਰਸ਼ਾਸਨ : ਗੌਤਮ
ਸ਼ਹਿਰ ’ਚ ਫੈਲੀ ਗੰਦਗੀ ਦੂਰ ਕਰਵਾਏ ਪ੍ਰਸ਼ਾਸਨ: ਗੌਤਮ, ਪਾਠਕ
Publish Date: Mon, 16 Mar 2026 06:53 PM (IST)
Updated Date: Mon, 16 Mar 2026 06:55 PM (IST)
ਪੱਤਰ ਪ੍ਰੇਰਕ, ਬਸੀ ਪਠਾਣਾਂ, ਪੰਜਾਬੀ ਜਾਗਰਣ : ਭਾਰਤੀ ਜਨਤਾ ਪਾਰਟੀ ਮੰਡਲ ਬਸੀ ਪਠਾਣਾਂ ਦੇ ਵਫ਼ਦ ਵੱਲੋਂ ਮੰਡਲ ਪ੍ਰਧਾਨ ਓਮ ਗੌਤਮ ਦੀ ਅਗਵਾਈ ਹੇਠ ਐੱਸਡੀਐੱਮ ਹਰਵੀਰ ਕੌਰ ਨਾਲ ਮੁਲਾਕਾਤ ਕੀਤੀ ਗਈ। ਮੰਡਲ ਪ੍ਰਧਾਨ ਓਮ ਗੌਤਮ ਤੇ ਯੁਵਾ ਮੋਰਚਾ ਪ੍ਰਧਾਨ ਸੰਯਮ ਪਾਠਕ ਨੇ ਐੱਸਡੀਐਮ ਨੂੰ ਦੱਸਿਆ ਕਿ ਸ਼ਹਿਰ ਵਿਚ ਸਫ਼ਾਈ ਦੀ ਹਾਲਤ ਬਹੁਤ ਮਾੜੀ ਹੈ। ਉਨ੍ਹਾਂ ਦੱਸਿਆ ਕਿ ਖ਼ਾਸ ਕਰਕੇ ਵਾਰਡ ਨੰਬਰ 13 ਦੀਆਂ ਗਲੀਆਂ ਦੀਆਂ ਨਾਲੀਆਂ ’ਚ ਗਾਦ ਭਰੀ ਹੋਣ ਕਾਰਨ ਗੰਦਾ ਪਾਣੀ ਸੜਕਾਂ ਤੇ ਖੜ੍ਹਾ ਹੈ ਤੇ ਇਸ ’ਚੋਂ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਵੀ ਲੰਘਦੀਆਂ ਹਨ। ਜਿਸ ਕਾਰਨ ਲੋਕ ਗੰਦਗੀ ਵਿੱਚੋਂ ਲੰਘਣ ਲਈ ਹੀ ਨਹੀਂ ਸਗੋਂ ਗੰਦਾ ਪਾਣੀ ਪੀਣ ਲਈ ਵੀ ਮਜਬੂਰ ਹਨ। ਭਾਜਪਾ ਆਗੂਆਂ ਨੇ ਪ੍ਰਾਚੀਨ ਸ਼੍ਰੀ ਰਾਮ ਮੰਦਰ ਨੇੜੇ ਕੁੱਝ ਲੋਕਾਂ ਵੱਲੋਂ ਘਰਾਂ ਦਾ ਕੂੜਾ ਸੁੱਟੇ ਜਾਣ ਦੀ ਸਮੱਸਿਆਂ ਵੀ ਐੱਸਡੀਐਮ ਦੇ ਧਿਆਨ ਵਿਚ ਲਿਆਂਦੇ ਹੋਏ ਇਹ ਵੀ ਕਿਹਾ ਕਿ ਇਸ ਕੂੜੇ ਨਾਲ ਇਕ ਵਿਸ਼ਾਲ ਲੈਂਡਫਿਲ ਬਣ ਰਿਹਾ ਹੈ, ਜਿਸ ਨਾਲ ਮੰਦਰ ਜਾਣ ਵਾਲੇ ਸ਼ਰਧਾਲੂਆਂ ਨੂੰ ਕਾਫ਼ੀ ਅਸੁਵਿਧਾ ਹੋ ਰਹੀ ਹੈ। ਜਿਸ ਤੇ ਐੱਸਡੀਐਮ ਨੇ ਕਾਰਜ ਸਾਧਕ ਅਫ਼ਸਰ ਨੂੰ ਮੌਕੇ ’ਤੇ ਹੀ ਦੋਨੋਂ ਸਮੱਸਿਆਵਾਂ ਤੁਰੰਤ ਹੱਲ ਕਰਨ ਦੀ ਹਿਦਾਇਤ ਕੀਤੀ। ਇਸ ਮੌਕੇ ਰਾਜੇਸ਼਼ ਗੌਤਮ, ਸਕੱਤਰ ਬਲਵੰਤ ਸਿੰਘ, ਹਰਸ਼, ਪਵਨ, ਜਗਦੀਸ਼ ਤੇ ਹੋਰ ਆਗੂ ਮੌਜੂਦ ਸਨ।