10 ਸਾਲ ਕੈਦ ਸੁਣ ਕੇ ਭੱਜੇ ਮੁਲਜ਼ਮ ਨੂੰ ਇਕ ਸਾਲ ਦੀ ਹੋਰ ਕੈਦ
10 ਸਾਲ ਕੈਦ ਸੁਣ ਕੇ ਭੱਜੇ ਮੁਲਜ਼ਮ ਨੂੰ ਇੱਕ ਸਾਲ ਦੀ ਹੋਰ ਕੈਦ
Publish Date: Wed, 25 Mar 2026 05:56 PM (IST)
Updated Date: Wed, 25 Mar 2026 05:59 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਕਰੀਬ ਇਕ ਸਾਲ ਪਹਿਲਾਂ ਨਸ਼ਾ ਤਸਕਰੀ ਦੇ ਮਾਮਲੇ ਵਿਚ ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ’ਤੇ ਪੁਲਿਸ ਮੁਲਾਜ਼ਮਾਂ ਨੂੰ ਧੱਕਾ ਦੇ ਕੇ ਹਿਰਾਸਤ ‘ਚੋਂ ਫਰਾਰ ਹੋਏ ਨੌਜਵਾਨ ਨੂੰ ਸਥਾਨਕ ਅਦਾਲਤ ਵੱਲੋਂ ਕੈਦ ਦੀ ਸਜ਼ਾ ਸੁਣਾਏ ਜਾਣ ਦਾ ਸਮਾਚਾਰ ਹੈ। ਜ਼ਿਕਰਯੋਗ ਹੈ ਕਿ ਸੰਦੀਪ ਸਿੰਘ ਵਾਸੀ ਪਿੰਡ ਘੜੂਆਂ (ਮੋਹਾਲੀ) ਜਿਸ ਵਿਰੁੱਧ ਥਾਣਾ ਬੱਸੀ ਪਠਾਣਾਂ ਦੀ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਕਤ ਮੁਕੱਦਮੇ ਸਬੰਧੀ ਪੁਲਿਸ ਦੀ ਚਲਾਨੀ ਗਾਰਦ ਪਟਿਆਲਾ ਜੇਲ੍ਹ ਤੋਂ ਮਿਤੀ 21 ਜਨਵਰੀ 2025 ਨੂੰ ਸੰਦੀਪ ਸਿੰਘ ਨੂੰ ਫਤਹਿਗੜ੍ਹ ਸਾਹਿਬ ਦੇ ਅਦਾਲਤ ਕੰਪਲੈਕਸ ਵਿਚ ਪੇਸ਼ੀ ਲਈ ਲੈ ਕੇ ਆਈ ਸੀ। ਜਿੱਥੇ ਬਾਅਦ ਦੁਪਹਿਰ ਮੁਕੱਦਮੇ ਦੀ ਸੁਣਵਾਈ ਕਰ ਰਹੀ ਸਪੈਸ਼ਲ ਅਦਾਲਤ ਨੇ ਉਕਤ ਮਾਮਲੇ ’ਚ ਸੰਦੀਪ ਸਿੰਘ ਨੂੰ ਦੋਸ਼ੀ ਮੰਨਦੇ ਹੋਏ 10 ਸਾਲ ਕੈਦ ਅਤੇ ਇੱਕ ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾ ਦਿੱਤੀ। ਜਿਸ ਤੋਂ ਬਾਅਦ ਇਕ ਸਹਾਇਕ ਥਾਣੇਦਾਰ ਅਤੇ ਇਕ ਹੋਮ ਗਾਰਡ ਜਵਾਨ ਸੰਦੀਪ ਸਿੰਘ ਨੂੰ ਹਿਰਾਸਤ ’ਚ ਲੈ ਕੇ ਬਖ਼ਸ਼ੀਖਾਨੇ ਵੱਲ ਲਿਜਾ ਰਹੇ ਸਨ ਤਾਂ ਸੰਦੀਪ ਸਿੰਘ ਉਨ੍ਹਾਂ ਨੂੰ ਧੱਕਾ ਦੇ ਕੇ ਅਦਾਲਤ ਕੰਪਲੈਕਸ ’ਚੋਂ ਫਰਾਰ ਹੋ ਗਿਆ। ਜਿਸ ਸਬੰਧੀ ਥਾਣਾ ਫਤਹਿਗੜ੍ਹ ਸਾਹਿਬ ਦੀ ਪੁਲਿਸ ਵੱਲੋਂ ਸੰਦੀਪ ਸਿੰਘ ਵਿਰੁੱਧ ਮੁਕੱਦਮਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕੀਤੀ ਗਈ ਤੇ ਚਾਰ ਦਿਨ ਬਾਅਦ ਸੰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਹਿਰਾਸਤ ਚੋਂ ਫ਼ਰਾਰ ਹੋਣ ਦੇ ਮਾਮਲੇ ਦੀ ਸੁਣਵਾਈ ਕਰ ਰਹੀ ਅਦਾਲਤ ਨੇ ਸੰਦੀਪ ਸਿੰਘ ਨੂੰ ਮਾਮਲੇ ’ਚ ਦੋਸ਼ੀ ਮੰਨਦੇ ਹੋਏ 1 ਸਾਲ 52 ਦਿਨ ਕੈਦ ਦੀ ਸਜ਼ਾ ਸੁਣਾਈ ਹੈ।