ਸਰਹਿੰਦ ਹਾਈਵੇਅ ’ਤੇ ਵਾਪਰਿਆ ਹਾਦਸਾ: ਟਰਾਲੇ ਦੇ ਉੱਡੇ ਪਰਖੱਚੇ, ਡਰਾਈਵਰ ਨੇ ਤੋੜਿਆ ਦਮ, ਹੈਲਪਰ ਹਸਪਤਾਲ ਦਾਖ਼ਲ
ਸਰਹਿੰਦ ਨੈਸ਼ਨਲ ਹਾਈਵੇ ’ਤੇ ਪੈਂਦੇ ਪਿੰਡ ਪਤਾਰਸੀ ਖੁਰਦ ਨਜ਼ਦੀਕ ਹੋਏ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ’ਤੇ ਇੱਕ ਗੰਭੀਰ ਜਖ਼ਮੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਟਰਾਲਾ ਚਾਲਕ ਨਿਸ਼ਾਨ ਸਿੰਘ ਵਾਸੀ ਪਿੰਡ ਗੋਬਿੰਦਵਾਲ, ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ।
Publish Date: Thu, 04 Jun 2026 01:08 PM (IST)
Updated Date: Thu, 04 Jun 2026 01:12 PM (IST)
ਸਟਾਫ਼ ਰਿਪੋਰਟਰ, ਫਤਿਹਗੜ੍ਹ ਸਾਹਿਬ। ਸਰਹਿੰਦ ਨੈਸ਼ਨਲ ਹਾਈਵੇ ’ਤੇ ਪੈਂਦੇ ਪਿੰਡ ਪਤਾਰਸੀ ਖੁਰਦ ਨਜ਼ਦੀਕ ਹੋਏ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ’ਤੇ ਇੱਕ ਗੰਭੀਰ ਜਖ਼ਮੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਟਰਾਲਾ ਚਾਲਕ ਨਿਸ਼ਾਨ ਸਿੰਘ ਵਾਸੀ ਪਿੰਡ ਗੋਬਿੰਦਵਾਲ, ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਇੱਕ 14 ਟਾਇਰਾ ਟਰਾਲਾ ਰਾਜਪੁਰਾ ਤੋਂ ਮੰਡੀ ਗੋਬਿੰਦਗੜ੍ਹ ਵੱਲ ਜਾ ਰਿਹਾ ਸੀ। ਜਦੋਂ ਉਹ ਪਿੰਡ ਪਤਾਰਸੀ ਖੁਰਦ ਦੇ ਨੇੜੇ ਪਹੁੰਚਿਆ ਤਾਂ ਅਚਾਨਕ ਉਸਦਾ ਇੱਕ ਟਾਇਰ ਫਟ ਗਿਆ। ਚਾਲਕ ਅਤੇ ਕਲੀਨਰ ਹਾਈਵੇ ਦੇ ਕਿਨਾਰੇ ਟਰਾਲਾ ਖੜ੍ਹਾ ਕਰਕੇ ਉਸਦਾ ਟਾਇਰ ਬਦਲ ਰਹੇ ਸਨ।
ਇਸੇ ਦੌਰਾਨ ਪਿੱਛੋਂ ਆ ਰਹੇ ਇੱਕ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਜਿਸ ਕਾਰਨ ਚਾਲਕ ਨਿਸ਼ਾਨ ਸਿੰਘ ਦੀ ਮੌਤ ਹੋ ਗਈ ਜਦੋਂ ਕਿ ਕਲੀਨਰ ਪੂਨਾ ਜ਼ਖ਼ਮੀ ਹੋ ਗਿਆ ਜੋ ਕਿ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ’ਚ ਜ਼ੇਰੇ-ਇਲਾਜ ਹੈ।
ਇਸ ਘਟਨਾ ਸਬੰਧੀ ਥਾਣਾ ਮੁਲੇਪੁਰ ਦੇ ਮੁਖੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਅਨੁਸਾਰ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਟੱਕਰ ਮਾਰ ਕੇ ਫ਼ਰਾਰ ਹੋਏ ਅਣਪਛਾਤੇ ਵਾਹਨ ਅਤੇ ਉਸਦੇ ਚਾਲਕ ਦੀ ਭਾਲ ਲਈ ਆਸ-ਪਾਸ ਦੇ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ ਜਾ ਰਹੇ ਹਨ।