ਮਾਤਾ ਗੁਜਰੀ ਕਾਲਜ ਦੇ ਵਿਦਿਆਰਥੀਆਂ ਨੇ ਕੀਤਾ ਵਿੱਦਿਅਕ ਦੌਰਾ
ਮਾਤਾ ਗੁਜਰੀ ਕਾਲਜ ਦੇ ਬਨਸਪਤੀ ਅਤੇ ਵਾਤਾਵਰਣ ਵਿਗਿਆਨ ਵਿਭਾਗ ਵੱਲੋਂ ਵਿੱਦਿਅਕ ਦੌਰਾ
Publish Date: Wed, 01 Apr 2026 06:08 PM (IST)
Updated Date: Wed, 01 Apr 2026 06:10 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਮਾਤਾ ਗੁਜਰੀ ਕਾਲਜ ਦੇ ਬਨਸਪਤੀ ਤੇ ਵਾਤਾਵਰਣ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਕਸੌਲੀ, ਹਿਮਾਚਲ ਪ੍ਰਦੇਸ਼ ਵਿਖੇ ਵਿਸ਼ੇਸ਼ ਵਿੱਦਿਅਕ ਦੌਰਾ ਕਰਵਾਇਆ ਗਿਆ, ਜਿਸ ਵਿਚ ਬੀਐੱਸਸੀ ਮੈਡੀਕਲ ਅਤੇ ਐੱਮਐੱਸਸੀ ਬਾਟਨੀ ਦੇ 30 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਹਿਮਾਲਿਆ ਦੇ ਬੂਟਿਆਂ ਦੀ ਵਿਭਿੰਨਤਾ ਤੇ ਵਾਤਾਵਰਣ ਦੀ ਸਮਝ ਨੂੰ ਵਿਹਾਰਕ ਸਿੱਖਿਆ ਦੇ ਜ਼ਰੀਏ ਵਧਾਉਣਾ ਸੀ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਕਸੌਲੀ ਦੀਆਂ ਪ੍ਰਸਿੱਧ ਥਾਵਾਂ ਜਿਵੇਂ ਸਨਸੈੱਟ ਪੁਆਇੰਟ, ਗਿਲਬਰਟ ਟ੍ਰੇਲ ਅਤੇ ਮੰਕੀ ਪੁਆਇੰਟ ਆਦਿ ਇਲਾਕਿਆਂ ਦਾ ਦੌਰਾ ਵੀ ਕੀਤਾ ਗਿਆ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਅਜਿਹੇ ਦੌਰੇ ਵਿਦਿਆਰਥੀਆਂ ਦਾ ਵਿੱਦਿਅਕ ਤੇ ਵਿਹਾਰਕ ਗਿਆਨ ਵਧਾਉਣ ਦੇ ਨਾਲ-ਨਾਲ ਉਨ੍ਹਾਂ ਦੇ ਸਰਬਪੱਖੀ ਵਿਕਾਸ ਵਿਚ ਵੀ ਵਾਧਾ ਕਰਦੇ ਹਨ। ਬਨਸਪਤੀ ਤੇ ਵਾਤਾਵਰਣ ਵਿਭਾਗ ਦੇ ਮੁਖੀ ਡਾ. ਲਵਨੀਤ ਕੌਰ ਨੇ ਕਿਹਾ ਕਿ ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਬੂਟਿਆਂ ਸਬੰਧੀ ਵਿਹਾਰਕ ਗਿਆਨ ਪ੍ਰਦਾਨ ਕਰਨਾ ਅਤੇ ਇਲਾਕੇ ਦੀਆਂ ਬਨਸਪਤੀਆਂ ਤੋਂ ਜਾਣੂ ਕਰਵਾਉਣਾ ਸੀ। ਇਸ ਦੌਰੇ ਦੌਰਾਨ ਵਿਭਾਗ ਦੇ ਡਾ. ਵਿਜੈ ਸਿੰਘ ਅਤੇ ਡਾ. ਪ੍ਰਦੀਪ ਕੁਮਾਰ ਨੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ।