‘ਆਪ’ ਸਰਕਾਰ ਫਤਹਿਗੜ੍ਹ ਸਾਹਿਬ ਦੀ ਨੁਹਾਰ ਬਦਲੇਗੀ : ਭਗਵੰਤ ਮਾਨ
ਖਬਰ ਲੋਕਲ ਐਡੀਸ਼ਨ ਲਈ : ਆਪ ਸਰਕਾਰ ਫਤਿਹਗੜ੍ਹ ਸਾਹਿਬ ਦੀ ਨੁਹਾਰ ਬਦਲੇਗੀ : : ਭਗਵੰਤ ਮਾਨ
Publish Date: Sat, 28 Mar 2026 08:19 PM (IST)
Updated Date: Sat, 28 Mar 2026 08:20 PM (IST)

ਗੁਰਪ੍ਰੀਤ ਸਿੰਘ ਮਹਿਕ, ਪੰਜਾਬੀ ਜਾਗਰਣ ਫਤਹਿਗੜ੍ਹ ਸਾਹਿਬ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਫਤਹਿਗੜ੍ਹ ਸਾਹਿਬ ਦੀ ਨੁਹਾਰ ਬਦਲੇਗੀ। ਫਤਹਿਗੜ੍ਹ ਸਾਹਿਬ ਵਿਖੇ ਕਰਵਾਏ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦਰ ਕੇਜਰੀਵਾਲ, ਸੀਨੀਅਰ ਆਗੂ ਮਨੀਸ਼ ਸਿਸੋਦੀਆ, ਕੈਬਨਿਟ ਮੰਤਰੀ ਅਮਨ ਅਰੋੜਾ, ਡਾ. ਬਲਬੀਰ ਸਿੰਘ, ਤਰੁਨਪ੍ਰੀਤ ਸਿੰਘ ਸੌਂਦ, ਬਰਿੰਦਰ ਗੋਇਲ, ਗੁਰਮੀਤ ਸਿੰਘ ਖੁੱਡੀਆਂ, ਡਾ. ਰਵਜੋਤ, ਹਰਭਜਨ ਸਿੰਘ ਈਟੀਓ, ਮਹਿੰਦਰ ਭਗਤ, ਵਿਧਾਇਕ ਲਖਵੀਰ ਰਾਏ, ਰੁਪਿੰਦਰ ਹੈਪੀ, ਗੈਰੀ ਬੜਿੰਗ ਦੀ ਹਾਜ਼ਰੀ ਵਿਚ ਕਿਹਾ ਕਿ ਫਤਹਿਗੜ੍ਹ ਸਾਹਿਬ ਵਿੱਚ 41.22 ਕਰੋੜ ਰੁਪਏ ਦੇ ਨਿਵੇਸ਼ ਨਾਲ ਦੋ ਵੱਡੇ ਸਿੰਚਾਈ ਪ੍ਰਾਜੈਕਟ ਸ਼ੁਰੂ ਕੀਤੇ ਜਾ ਰਹੇ ਹਨ ਤਾਂ ਜੋ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਜਾ ਸਕੇ। ਇਸ ਵਿੱਚ 1ਐੱਲ ਡਿਸਟ੍ਰੀਬਿਊਟਰੀ, ਸੰਗਤਪੁਰਾ ਮਾਈਨਰ, ਰੀਠਖੇੜੀ ਮਾਈਨਰ ਅਤੇ ਚਲੀਲਾ ਸਬ ਮਾਈਨਰ ਦੀ ਕੰਕਰੀਟ ਲਾਈਨਿੰਗ ਸ਼ਾਮਲ ਹੈ। ਪਹਿਲਾਂ ਘੱਟ ਸਮਰੱਥਾ ਕਾਰਨ, ਵਾਧੂ ਪਾਣੀ ਹਰਿਆਣਾ ਵੱਲ ਜਾਂਦਾ ਸੀ ਅਤੇ ਪੰਜਾਬ ਦੇ ਖੇਤਾਂ ਨੂੰ ਨੁਕਸਾਨ ਹੁੰਦਾ ਸੀ। ਹੁਣ ਪੰਜਾਬ ਦੇ ਦਰਿਆਈ ਪਾਣੀ ਦੀ ਹਰ ਬੂੰਦ ਪੰਜਾਬ ਦੇ ਖੇਤਾਂ ਤੱਕ ਪਹੁੰਚੇਗੀ, ਜਿਸ ਨਾਲ 70 ਪਿੰਡਾਂ ਦੇ 41,726 ਏਕੜ ਰਕਬੇ ਨੂੰ ਲਾਭ ਹੋਵੇਗਾ। ਤਕਨੀਕੀ ਸੁਧਾਰਾਂ ਬਾਰੇ ਦੱਸਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ 1ਐੱਲ ਦੀ ਸਮਰੱਥਾ 95.5 ਕਿਊਸਿਕ ਤੋਂ ਵਧ ਕੇ 142.91 ਕਿਊਸਿਕ ਹੋ ਜਾਵੇਗੀ। ਸੰਗਤਪੁਰਾ ਮਾਈਨਰ ਦੀ ਸਮਰੱਥਾ 17 ਤੋਂ ਵਧ ਕੇ 30.74 ਕਿਊਸਿਕ, ਰੀਠਖੇੜੀ ਮਾਈਨਰ ਦੀ ਸਮਰੱਥਾ 49.70 ਤੋਂ 73.69 ਕਿਊਸਿਕ ਅਤੇ ਚਲੀਲਾ ਸਬ ਮਾਈਨਰ ਦੀ ਸਮਰੱਥਾ 18.80 ਤੋਂ ਵਧ ਕੇ 31.27 ਕਿਊਸਿਕ ਹੋ ਜਾਵੇਗੀ। ਇਹ ਨਹਿਰ 1960 ਵਿੱਚ ਭਾਖੜਾ ਮੇਨ ਲਾਈਨ ਤੋਂ ਨਿਕਲੀ ਸੀ ਪਰ ਸਮੇਂ ਦੇ ਨਾਲ ਢਾਂਚਾਗਤ ਨੁਕਸਾਨ ਕਾਰਨ ਇਸ ਦੀ ਕੁਸ਼ਲਤਾ ਘਟ ਗਈ। ਕੰਕਰੀਟ ਲਾਈਨਿੰਗ ਦੇ ਨਾਲ ਇਸ ਦੀ ਸਮਰੱਥਾ 1.5 ਗੁਣਾ ਵਧ ਜਾਵੇਗੀ। ਅਸੀਂ ਰੀਠਖੇੜੀ ਅਤੇ ਚਲੀਲਾ ਮਾਈਨਰ ਦੇ 21,000 ਫੁੱਟ ਲੰਮੇ ਪਹਿਲਾਂ ਤੋਂ ਗੈਰ-ਕਾਰਜਸ਼ੀਲ ਭਾਗਾਂ ਨੂੰ ਬਹਾਲ ਕੀਤਾ ਹੈ, ਜਿਸ ਨਾਲ ਵਾਧੂ 6,534 ਏਕੜ ਨੂੰ ਸਿੰਚਾਈ ਦੀ ਸਹੂਲਤ ਮਿਲੇਗੀ। ਸਾਲ 2022 ਤੋਂ ਹੁਣ ਤੱਕ ਲਗਭਗ 11,477 ਏਕੜ ਜ਼ਮੀਨ ਪਹਿਲਾਂ ਹੀ ਨਹਿਰੀ ਸਿੰਚਾਈ ਅਧੀਨ ਲਿਆਂਦੀ ਜਾ ਚੁੱਕੀ ਹੈ। ਇਸ ਮੌਕੇ ‘ਆਪ’ ਆਗੂ ਗੁਰਵਿੰਦਰ ਸਿੰਘ ਢਿੱਲੋਂ, ਰਸ਼ਪਿੰਦਰ ਸਿੰਘ ਰਾਜਾ, ਅਜੈ ਲਿਬੜਾ ਅਤੇ ਹੋਰ ਪਤਵੰਤੇ ਆਦਿ ਮੌਜੂਦ ਸਨ।