‘ਆਪ’ ਨੇ ਮਾਘੀ ਸਮਾਗਮ ਲਈ ਪੰਜਾਬ ਦਾ ਖ਼ਜ਼ਾਨਾ ਬੇਬਾਕੀ ਨਾਲ ਲੁੱਟਿਆ : ਰਾਜੂ ਖੰਨਾ
‘ਆਪ’ ਨੇ ਮਾਘੀ ਸਮਾਗਮ ਲਈ ਪੰਜਾਬ ਦਾ ਖਜ਼ਾਨਾ ਬੇਬਾਕੀ ਨਾਲ ਲੁੱਟਿਆ : ਰਾਜੂ ਖੰਨਾ
Publish Date: Sun, 15 Mar 2026 06:02 PM (IST)
Updated Date: Sun, 15 Mar 2026 06:03 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਹੈ ਕਿ ਮਾਘੀ ਮੇਲੇ ਦੌਰਾਨ ਰਾਜ ਪੱਧਰੀ ਸਮਾਗਮ ’ਚ ਪੰਜਾਬ ਦਾ ਖਜ਼ਾਨਾ ਬੇਬਾਕੀ ਨਾਲ ਲੁੱਟਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ’ਤੇ ਲਗਭਗ 387 ਲੱਖ ਰੁਪਏ ਖਰਚ ਕੀਤੇ ਗਏ। ਇਨ੍ਹਾਂ ਵਿਚ 300 ਵੀਵੀਆਈਪੀ ਪਲੇਟਾਂ ’ਤੇ 750000 ਰੁਪਏ ਤੇ 800 ਵੀਆਈਪੀ ਪਲੇਟਾਂ ’ਤੇ 1200000 ਰੁਪਏ ਖਰਚ ਹੋਏ। ਇਸ ਤੋਂ ਇਲਾਵਾ 40000 ਆਮ ਲੋਕਾਂ ਲਈ ਭੋਜਨ ’ਤੇ 40 ਲੱਖ ਰੁਪਏ ਖਰਚ ਕੀਤੇ ਗਏ। ਰਾਜੂ ਖੰਨਾ ਨੇ ਤੰਜ ਕਸਦਿਆਂ ਕਿਹਾ ਕਿ ਕੇਜਰੀਵਾਲ ਅਤੇ ਉਸ ਦੀ ਟੋਲੀ ਦੀ ਖਾਤਿਰਦਾਰੀ ਲਈ ਹੀ 40 ਲੱਖ ਦਾ ਖਾਣਾ ਪਰੋਸਿਆ ਗਿਆ। ਉਨ੍ਹਾਂ ਦੱਸਿਆ ਕਿ ਪੰਡਾਲ, ਸਟੇਜ ਤੇ ਲਾਈਟਿੰਗ ‘ਤੇ 15 ਲੱਖ, ਐਲਈਡੀ ਸਕ੍ਰੀਨਾਂ ‘ਤੇ 791000 ਰੁਪਏ, ਸਾਊਂਡ ਸਿਸਟਮ ‘ਤੇ 250000 ਰੁਪਏ, ਕੰਪਿਊਟਰ ਸੈਟਅੱਪ ‘ਤੇ 400000 ਰੁਪਏ ਤੇ ਜਨਰੇਟਰ, ਸੜਕਾਂ ਦੀ ਸਫਾਈ ਅਤੇ ਹੋਰ ਇੰਤਜ਼ਾਮਾਂ ‘ਤੇ ਵੀ ਲੱਖਾਂ ਰੁਪਏ ਖਰਚ ਕੀਤੇ ਗਏ। ਇਸ ਤੋਂ ਇਲਾਵਾ ਕੈਟਰਿੰਗ ਸਮੇਤ ਕਈ ਠੇਕੇ ਦਿੱਲੀ ਦੀਆਂ ਕੰਪਨੀਆਂ ਨੂੰ ਦਿੱਤੇ ਗਏ, ਜਿਸ ਨਾਲ ਪੰਜਾਬ ਦੇ ਸਥਾਨਕ ਵਪਾਰੀਆਂ ਨਾਲ ਧੱਕੇਸ਼ਾਹੀ ਹੋਈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਕਰਜ਼ੇ, ਬੇਰੁਜ਼ਗਾਰੀ, ਨਸ਼ਿਆਂ, ਖਰਾਬ ਸਿਹਤ ਸੇਵਾਵਾਂ ਅਤੇ ਬਿਗੜਦੀ ਕਾਨੂੰਨ ਵਿਵਸਥਾ ਵਰਗੀਆਂ ਗੰਭੀਰ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਉਦੋਂ ਸਰਕਾਰ ਲੋਕਾਂ ਦੇ ਪੈਸੇ ਨਾਲ ਵੀਆਈਪੀ ਖਾਤਿਰਦਾਰੀ ‘ਤੇ ਕਰੋੜਾਂ ਰੁਪਏ ਲੁੱਟ ਰਹੀ ਹੈ। ਉਨ੍ਹਾਂ ਅਰਵਿੰਦ ਕੇਜਰੀਵਾਲ ਅਤੇ ਆਪ ਸਰਕਾਰ ਨੂੰ ਇਸ ਫ਼ਜ਼ੂਲਖਰਚੀ ਲਈ ਜ਼ਿੰਮੇਵਾਰ ਠਹਿਰਾਇਆ ਅਤੇ ਪੰਜਾਬ ਲਈ ਜ਼ਿੰਮੇਵਾਰ ਸ਼ਾਸਨ ਤੇ ਸਹੀ ਤਰਜੀਹਾਂ ਦੀ ਮੰਗ ਕੀਤੀ। ਮੀਟਿੰਗ ਵਿਚ ਜਥੇਦਾਰ ਹਰਬੰਸ ਸਿੰਘ ਬਡਾਲੀ, ਡਾਕਟਰ ਪਰਮਜੀਤ ਸਿੰਘ ਠੇਕੇਦਾਰ, ਅੰਮ੍ਰਿਤਪਾਲ ਸਿੰਘ ਗਿੱਲ, ਗੁਰਜੀਤ ਸਿੰਘ ਗਿੱਲ, ਬਲਵੰਤ ਸਿੰਘ ਮਾਨ, ਜਸਵੀਰ ਸਿੰਘ ਜੱਸੀ ਅਤੇ ਅਮਨਪ੍ਰੀਤ ਸਿੰਘ ਗਿੱਲ ਸਮੇਤ ਸੀਨੀਅਰ ਲੀਡਰਸ਼ਿਪ ਹਾਜ਼ਰ ਰਹੀ। ਇਹ ਮੀਟਿੰਗ 25 ਮਾਰਚ ਨੂੰ ਪਿੰਡ ਹਰੀਪੁਰ ਵਿਚ ਹੋਈ।