ਸਬ ਤਹਿਸੀਲ ’ਚ ਨਾਇਬ ਤਹਿਸੀਲਦਾਰ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ
ਆਮ ਆਦਮੀ ਪਾਰਟੀ ਦੇ ਦਾਅਵਿਆਂ ਦੀ ਨਿਕਲੀ ਫੂਕ, ਚਨਾਰਥਲ ਕਲਾਂ ਸਬ ਤਹਿਸੀਲ ਬਣੀ ‘ਚਿੱਟਾ ਹਾਥੀ’
Publish Date: Thu, 19 Mar 2026 05:14 PM (IST)
Updated Date: Thu, 19 Mar 2026 05:16 PM (IST)

ਗੁਰਪ੍ਰੀਤ ਸਿੰਘ ਮਹਿਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਚਨਾਰਥਲ ਕਲਾਂ ਵਿਖੇ ਬਣੀ ਸਬ ਤਹਿਸੀਲ ਇਸ ਸਮੇਂ ‘ਚਿੱਟਾ ਹਾਥੀ’ ਸਾਬਤ ਹੋ ਰਹੀ ਹੈ, ਜਦਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਦਿੱਕਤਾਂ ਦੂਰ ਕਰਨ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਉਸ ਵੇਲੇ ਕੀਤਾ ਜਦੋਂ ਉਹ ਅਚਾਨਕ ਚਨਾਰਥਲ ਕਲਾਂ ਸਬ ਤਹਿਸੀਲ ਪਹੁੰਚੇ ਅਤੇ ਉੱਥੇ ਦੇ ਹਾਲਾਤ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਪਿੰਡ ਵਾਸੀਆਂ ਦਾ ਸਮਰਥਨ ਵੀ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਾਗਰਾ ਨੇ ਦੱਸਿਆ ਕਿ ਸਾਲ 2018 ਵਿਚ ਕਾਂਗਰਸ ਸਰਕਾਰ ਵੱਲੋਂ ਫਤਹਿਗੜ੍ਹ ਸਾਹਿਬ ਹਲਕੇ ਦੇ ਕਰੀਬ 60 ਪਿੰਡਾਂ ਦੇ ਲੋਕਾਂ ਨੂੰ ਸਹੂਲਤ ਦੇਣ ਲਈ ਇਹ ਸਬ ਤਹਿਸੀਲ ਬਣਾਈ ਗਈ ਸੀ। ਇਸ ਨਾਲ ਲੋਕਾਂ ਨੂੰ ਆਪਣੇ ਛੋਟੇ-ਮੋਟੇ ਕੰਮ ਨੇੜੇ ਹੀ ਤੇ ਜਲਦੀ ਹੋ ਜਾਂਦੇ ਸਨ, ਜਿਸ ਨਾਲ ਸਮੇਂ ਅਤੇ ਪੈਸੇ ਦੋਵਾਂ ਦੀ ਬਚਤ ਹੁੰਦੀ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ 2022 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇਸ ਸਬ ਤਹਿਸੀਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ। ਅੱਜ ਤੱਕ ਨਾ ਤਾਂ ਇੱਥੇ ਪੱਕਾ ਨਾਇਬ- ਤਹਿਸੀਲਦਾਰ ਤੈਨਾਤ ਕੀਤਾ ਗਿਆ ਹੈ ਅਤੇ ਨਾ ਹੀ ਹੋਰ ਜ਼ਰੂਰੀ ਅਧਿਕਾਰੀ ਪੂਰੇ ਕੀਤੇ ਗਏ ਹਨ। ਇਸ ਕਾਰਨ ਲੋਕਾਂ ਨੂੰ ਆਪਣੀਆਂ ਰੋਜ਼ਾਨਾ ਦੀਆਂ ਲੋੜੀਂਦੀਆਂ ਕਾਰਵਾਈਆਂ ਲਈ ਫਤਹਿਗੜ੍ਹ ਸਾਹਿਬ ਦੀ ਮੁੱਖ ਤਹਿਸੀਲ ਵਿਚ ਜਾਣਾ ਪੈਂਦਾ ਹੈ, ਜਿੱਥੇ ਉਨ੍ਹਾਂ ਨੂੰ ਕਾਫ਼ੀ ਧੱਕੇ ਖਾਣੇ ਪੈਂਦੇ ਹਨ। ਨਾਗਰਾ ਨੇ ਕਿਹਾ ਕਿ ਸਰਕਾਰ ਵੱਲੋਂ ਇੱਥੇ ਵਾਧੂ ਚਾਰਜ ਵਾਲੇ ਅਧਿਕਾਰੀ ਤਾਂ ਲਗਾਏ ਗਏ, ਪਰ ਉਨ੍ਹਾਂ ਨੇ ਵੀ ਨਾ ਤਾਂ ਸਮੇਂ ਸਿਰ ਡਿਊਟੀ ਨਿਭਾਈ ਅਤੇ ਨਾ ਹੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਹੱਲ ਕੀਤਾ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਜਲਦੀ ਹੀ ਇਸ ਸਬ ਤਹਿਸੀਲ ਵਿਚ ਪੂਰਾ ਸਟਾਫ਼ ਤੈਨਾਤ ਨਾ ਕੀਤਾ ਗਿਆ ਤਾਂ ਕਾਂਗਰਸ ਪਾਰਟੀ ਲੋਕਾਂ ਦੇ ਨਾਲ ਮਿਲ ਕੇ ਤਿੱਖਾ ਸੰਘਰਸ਼ ਕਰੇਗੀ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਨੰਬਰਦਾਰ ਜਗਦੀਪ ਸਿੰਘ ਅਤੇ ਸਿਹਤ ਵਿਭਾਗ ਦੇ ਰਿਟਾਇਰਡ ਅਧਿਕਾਰੀ ਕ੍ਰਿਸ਼ਨ ਲਾਲ ਨੇ ਵੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਸਰਕਾਰ ਇਸ ਤਹਿਸੀਲ ਦੀ ਸੁੰਦਰ ਅਤੇ ਤਿਆਰ ਇਮਾਰਤ ਨੂੰ ਵੇਖਦੇ ਹੋਏ ਜਲਦੀ ਤੋਂ ਜਲਦੀ ਤਹਿਸੀਲਦਾਰ ਅਤੇ ਹੋਰ ਸਬੰਧਤ ਅਧਿਕਾਰੀ ਤੈਨਾਤ ਕਰੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ ਅਤੇ ਉਨ੍ਹਾਂ ਦੇ ਕੰਮ ਸਥਾਨਕ ਪੱਧਰ ’ਤੇ ਹੀ ਨਿਪਟ ਸਕਣ। ਇਸ ਮੌਕੇ ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ, ਸਾਬਕਾ ਸਰਪੰਚ ਜਗਦੀਪ ਸਿੰਘ ਨੰਬਰਦਾਰ, ਗੁਰਭੇਜ ਸਿੰਘ ਮੂਲੇਪੁਰ, ਬਲਾਕ ਸੰਮਤੀ ਮੈਂਬਰ ਗੁਰਜੀਤ ਸਿੰਘ ਭੱਲਮਾਜਰਾ, ਲਖਵਿੰਦਰ ਸਿੰਘ ਲੱਖੀ, ਭੁਪਿੰਦਰ ਸਿੰਘ ਰਾਏ, ਇੰਦਰਪਾਲ ਸਿੰਘ, ਠੇਕੇਦਾਰ ਪਰਮਜੀਤ ਸਿੰਘ, ਸਵਰਨਦੀਪ ਸਿੰਘ, ਕ੍ਰਿਸ਼ਨ ਲਾਲ, ਸਿੱਮੂ ਟਿਵਾਣਾ, ਜਗਬੀਰ ਸਿੰਘ, ਸੁਰਜੀਤ ਸਿੰਘ, ਸੁਖਦੀਪ ਸਿੰਘ, ਬਿੰਦਰ ਟਿਵਾਣਾ, ਰਛਪਾਲ ਸਿੰਘ, ਪ੍ਰਦੀਪ ਸਿੰਘ, ਜਗਦੇਵ ਸਿੰਘ ਤੇ ਹੋਰ ਮੌਜੂਦ ਸਨ।