ਪ੍ਰਚਾਰ ‘ਆਪ’ ਦਾ ਪਰ ਪੰਜਾਬ ਦੇ ਖਜ਼ਾਨੇ ਦੀ ਵੱਡੀ ਲੁੱਟ ਕਿਉਂ : ਰਾਜੂ ਖੰਨਾ
ਪ੍ਰਚਾਰ ਆਮ ਆਦਮੀ ਪਾਰਟੀ ਦਾ ਪਰ ਪੰਜਾਬ ਦੇ ਖਜ਼ਾਨੇ ਦੀ ਵੱਡੀ ਲੁੱਟ ਕਿਉਂ : ਰਾਜੂ ਖੰਨਾ
Publish Date: Sat, 28 Mar 2026 07:01 PM (IST)
Updated Date: Sat, 28 Mar 2026 07:02 PM (IST)

- ‘ਆਪ’ ਦੀ ਹਰ ਰੈਲੀ ’ਚ ਜਾ ਰਹੀਆਂ ਨੇ ਵੱਡੇ ਪੱਧਰ ’ਤੇ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਆਮ ਲੋਕਾਂ ਦੀ ਗੱਲ ਕਰ ਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਹੁਣ ਸਰਕਾਰ ਦੇ ਖਜ਼ਾਨੇ ਦੀ ਲੁੱਟ ਹੀ ਨਹੀਂ ਕੀਤੀ ਜਾ ਰਹੀ ਸਗੋਂ ਖਜ਼ਾਨੇ ’ਤੇ ਵੱਡੇ ਡਾਕੇ ਮਾਰੇ ਜਾ ਰਹੇ ਹਨ, ਜਿਸ ਦਾ ਹਿਸਾਬ ਸਮਾਂ ਆਉਣ ’ਤੇ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਤੇ ਸਮੁੱਚੇ ਮੰਤਰੀਆਂ ਤੇ ਵਿਧਾਇਕਾਂ ਨੂੰ ਦੇਣਾ ਪਵੇਗਾ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਪ੍ਰਚਾਰ ਲਈ ਜਿੱਥੇ ਪਹਿਲਾਂ ਹੀ ਹੋਰਨਾਂ ਸੂਬਿਆਂ ਲਈ ਭਗਵੰਤ ਮਾਨ ਸਰਕਾਰ ਵੱਲੋਂ ਖਜ਼ਾਨੇ ਦੇ ਮੂੰਹ ਖੋਲ੍ਹ ਰੱਖੇ ਹਨ। ਉੱਥੇ ਪੰਜਾਬ ਅੰਦਰ ਅਜਿਹੀ ਕੋਈ ਆਮ ਆਦਮੀ ਪਾਰਟੀ ਦੀ ਰੈਲੀ ਨਹੀਂ ਜਿਸ ਵਿੱਚ ਸਰਕਾਰ ਦੀਆਂ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੂੰ ਵੱਡੇ ਪੱਧਰ ’ਤੇ ਨਾ ਭੇਜਿਆ ਜਾਂਦਾ ਹੋਵੇ। ਉਨ੍ਹਾਂ ਕਿਹਾ ਕਿ ਜਿੱਥੇ ਇਨ੍ਹਾਂ ਸਰਕਾਰੀ ਬੱਸਾਂ ਨੂੰ ਰੂਟਾਂ ਤੋਂ ਬੰਦ ਕਰ ਕੇ ਸਰਕਾਰ ਦੇ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਭਗਵੰਤ ਮਾਨ ਸਰਕਾਰ ਵੱਲੋਂ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਉੱਥੇ ਆਮ ਆਦਮੀ ਪਾਰਟੀ ਦੇ ਪ੍ਰਚਾਰ ਲਈ ਸਰਕਾਰੀ ਖਜ਼ਾਨੇ ਦੀ ਵੱਡੇ ਪੱਧਰ ’ਤੇ ਦੁਰਵਰਤੋਂ ਕੀਤੀ ਜਾ ਰਹੀ ਹੈ। ਰਾਜੂ ਖੰਨਾ ਨੇ ਕਿਹਾ ਕਿ ਸਰਕਾਰੀ ਬੱਸਾਂ ਨੂੰ ਵੱਡੇ ਪੱਧਰ ’ਤੇ ਰੂਟਾਂ ਤੋਂ ਬੰਦ ਕਰ ਕੇ ਭੇਜਣਾ ਕਿੱਥੋਂ ਤੱਕ ਜਾਇਜ਼ ਹੈ। ਇਹ ਸੂਬੇ ਦੇ ਲੋਕ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੱਸਣਗੇ। ਜਿਸ ਦਿਨ ‘ਆਪ’ ਦੀ ਰੈਲੀ ਹੁੰਦੀ ਹੈ, ਉਸ ਦਿਨ ਸਰਕਾਰੀ ਬੱਸਾਂ ਅੱਡਿਆਂ ਵਿੱਚ ਨਾ ਆਉਣ ਕਾਰਨ ਸਵਾਰੀਆਂ ਨੂੰ ਜਿੱਥੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਮੁਲਾਜ਼ਮਾਂ ਤੇ ਵਿਦਿਆਰਥੀਆਂ ਨੂੰ ਵੀ ਸਰਕਾਰੀ ਬੱਸਾਂ ਨਾ ਆਉਣ ਕਾਰਨ ਵੱਡੀ ਪਰੇਸ਼ਾਨੀ ਝੱਲਣੀ ਪੈਂਦੀ ਹੈ। ਰਾਜੂ ਖੰਨਾ ਨੇ ਕਿਹਾ ਕਿ ਖਜ਼ਾਨੇ ਦੀ ਲੁੱਟ ਇੱਥੇ ਹੀ ਬੱਸ ਨਹੀਂ ਜੋ ਖਜ਼ਾਨੇ ਦਾ ਪੈਸਾ ਹੋਰਨਾਂ ਸੂਬਿਆਂ ਵਿੱਚ ਇਸ਼ਤਿਹਾਰਬਾਜ਼ੀ, ਫਲੈਕਸਾਂ ਲਈ ਵਰਤਿਆ ਜਾ ਰਿਹਾ ਹੈ, ਉਸ ਦਾ ਕਿਧਰੇ ਵੀ ਹਿਸਾਬ ਕਿਤਾਬ ਨਹੀਂ। ਉਨ੍ਹਾਂ ਕਿਹਾ ਕਿ 2027 ਵਿੱਚ ਸਰਕਾਰ ਬਦਲਦੇ ਹੀ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੂੰ ਖਜ਼ਾਨੇ ਦੀ ਲੁੱਟ ਦੇ ਪੈਸੇ ਪੈਸੇ ਦਾ ਹਿਸਾਬ ਦੇਣਾ ਪਵੇਗਾ। ਕਿਉਂਕਿ ਪੰਜਾਬ ਦੇ ਜੁਝਾਰੂ ਲੋਕ ਇਨ੍ਹਾਂ ‘ਆਪ’ ਦੇ ਨੁਮਾਇੰਦਿਆਂ ਨੂੰ ਭੱਜਣ ਨਹੀਂ ਦੇਣਗੇ।