ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਮਿਲੇਗਾ ਲਾਭ : ਚੌਹਾਨ
ਵਾਰਡ ਨੰਬਰ 13 ਵਿੱਚ ਆਮ ਆਦਮੀ ਪਾਰਟੀ ਦਾ ਦਫ਼ਤਰ ਖੁੱਲ੍ਹਿਆ, ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਮਿਲੇਗਾ ਲਾਭ
Publish Date: Wed, 22 Apr 2026 05:52 PM (IST)
Updated Date: Wed, 22 Apr 2026 05:55 PM (IST)

ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਆਮ ਆਦਮੀ ਪਾਰਟੀ ਵੱਲੋਂ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵਾਰਡ ਨੰਬਰ 13 ਦੀ ਦਸ਼ਮੇਸ਼ ਕਾਲੋਨੀ ਵਿਚ ਇਲਾਕਾ ਵਾਸੀਆਂ ਦੀ ਸਹੂਲਤ ਲਈ ਨਵਾਂ ਦਫ਼ਤਰ ਖੋਲ੍ਹਿਆ ਗਿਆ ਹੈ। ਇਨਫੋਟੈਕ ਪੰਜਾਬ ਦੇ ਚੇਅਰਮੈਨ ਓਂਕਾਰ ਚੌਹਾਨ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਵੱਲੋਂ ਸਾਂਝੇ ਤੌਰ ਤੇ ਇਸ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵਾਰਡ ਇੰਚਾਰਜ ਸਤਿਆਪਾਲ ਲੋਧੀ ਤੇ ਸ਼ਿਲਪਾ ਲੋਧੀ ਨੇ ਵਿਧਾਇਕ ਗੈਰੀ ਵੜਿੰਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਦਸ਼ਮੇਸ਼ ਕਲੋਨੀ ਦੀ ਗਲੀ ਨੰਬਰ 5 ਵਿਚ ਸੂਏ ਨੇੜੇ ਖੋਲ੍ਹੇ ਗਏ ਇਸ ਦਫ਼ਤਰ ਰਾਹੀਂ ਲੋਕਾਂ ਨੂੰ ਸਰਕਾਰੀ ਸਹੂਲਤਾਂ ਹਾਸਲ ਕਰਨ ਵਿਚ ਵੱਡੀ ਮਦਦ ਮਿਲੇਗੀ। ਸ਼ਿਲਪਾ ਲੋਧੀ ਨੇ ਦੱਸਿਆ ਕਿ ਇਹ ਦਫ਼ਤਰ ਖੁੱਲ੍ਹਣ ਨਾਲ ਜਿੱਥੇ ਲੋਕਾਂ ਦੇ ਰੋਜ਼ਾਨਾ ਦੇ ਕੰਮ ਸੁਖਾਲੇ ਹੋਣਗੇ, ਉੱਥੇ ਹੀ ਔਰਤਾਂ ਨੂੰ ਸਰਕਾਰ ਦੀਆਂ ਆਰਥਿਕ ਸਹਾਇਤਾ ਸਕੀਮਾਂ ਨਾਲ ਜੋੜਨ ’ਚ ਵੀ ਆਸਾਨੀ ਹੋਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਲੋਕ ਭਲਾਈ ਲਈ ਤਤਪਰ ਰਹੀ ਹੈ ਅਤੇ ਅਜਿਹੇ ਕੇਂਦਰਾਂ ਰਾਹੀਂ ਸਰਕਾਰੀ ਸੇਵਾਵਾਂ ਆਮ ਲੋਕਾਂ ਦੀ ਪਹੁੰਚ ਵਿੱਚ ਆਉਂਦੀਆਂ ਹਨ। ਪਾਰਟੀ ਦਾ ਮੁੱਖ ਉਦੇਸ਼ ਹਰ ਵਰਗ ਤੱਕ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਾਉਣਾ ਹੈ। ਸਾਬਕਾ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਹੀ ਅਸਲ ਸੇਵਾ ਹੈ। ਇਹ ਦਫ਼ਤਰ ਇਲਾਕਾ ਨਿਵਾਸੀਆਂ ਲਈ ਸਹਾਇਤਾ ਕੇਂਦਰ ਵਜੋਂ ਕੰਮ ਕਰੇਗਾ, ਜਿੱਥੇ ਹਰ ਲੋੜਵੰਦ ਦੀ ਮਦਦ ਕੀਤੀ ਜਾਵੇਗੀ। ਇਸ ਦਫ਼ਤਰ ਰਾਹੀਂ ਲੋਕ ਪੈਂਸ਼ਨ, ਆਧਾਰ ਕਾਰਡ ਦੇ ਕੰਮ, ਬੀਮਾ ਯੋਜਨਾਵਾਂ ਅਤੇ ਮਹਿਲਾਵਾਂ ਲਈ ਚੱਲ ਰਹੀਆਂ 1000 ਅਤੇ 1500 ਰੁਪਏ ਦੀਆਂ ਵਿੱਤੀ ਸਹਾਇਤਾ ਸਕੀਮਾਂ ਬਾਰੇ ਜਾਣਕਾਰੀ ਅਤੇ ਸਹਾਇਤਾ ਪ੍ਰਾਪਤ ਕਰ ਸਕਣਗੇ। ਇਸ ਮੌਕੇ ਓਂਕਾਰ ਸਿੰਘ ਚੌਹਾਨ, ਹਰਪ੍ਰੀਤ ਪ੍ਰਿੰਸ, ਸਤਿਆਪਾਲ ਲੋਧੀ, ਸ਼ਿਲਪਾ ਲੋਧੀ ਅਤੇ ਹੋਰ ਪਤਵੰਤੇ ਮੌਜੂਦ ਸਨ।