ਫਤਹਿਗੜ੍ਹ ਸਾਹਿਬ ਵਿਖੇ ਲੱਗਣਗੇ 169 ਵਿਸ਼ੇਸ਼ ਕੈਂਪ : ਡਾ. ਬਲਬੀਰ
ਫਤਹਿਗੜ੍ਹ ਸਾਹਿਬ ਵਿਖੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਲੱਗਣਗੇ 169 ਵਿਸ਼ੇਸ਼ ਕੈਂਪ: ਡਾ. ਬਲਬੀਰ ਸਿੰਘ
Publish Date: Mon, 12 Jan 2026 06:05 PM (IST)
Updated Date: Mon, 12 Jan 2026 06:06 PM (IST)

ਗੁਰਪ੍ਰੀਤ ਸਿੰਘ ਮਹਿਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਮਿਆਰੀ ਤੇ ਮੁਫ਼ਤ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮਕਸਦ ਨਾਲ ‘ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਦੀ ਸ਼ੁਰੂਆਤ 22 ਜਨਵਰੀ ਤੋਂ ਕੀਤੀ ਜਾ ਰਹੀ ਹੈ। ਇਸ ਅਹਿਮ ਯੋਜਨਾ ਦਾ ਲਾਭ ਹਰ ਲੋੜਵੰਦ ਤੱਕ ਪਹੁੰਚਾਉਣ ਲਈ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ, ਜਿਸ ਤਹਿਤ ਜ਼ਿਲ੍ਹੇ ਭਰ ’ਚ 169 ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਹ ਪ੍ਰਗਟਾਵਾ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਦੀ ਮੌਜੂਦਗੀ ਵਿਚ ਪੱਤਰਕਾਰ ਸੰਮੇਲਨ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਐਮਰਜੈਂਸੀ ਸਿਹਤ ਜ਼ਰੂਰਤਾਂ ਵਾਲੇ ਮਰੀਜਾਂ ਲਈ 10 ਹਸਪਤਾਲਾਂ ਵਿਚ ਹੀ ਸਪੈਸ਼ਲ ਕੈਂਪ ਲਗਾਏ ਜਾਣਗੇ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਇਸ ਸਕੀਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 1200 ਕਰੋੜ ਰੁਪਏ ਦਾ ਸ਼ੁਰੂਆਤੀ ਬਜਟ ਰੱਖਿਆ ਗਿਆ ਹੈ ਅਤੇ ਲੋਕਾਂ ਦੀਆਂ ਸਿਹਤ ਲੋੜਾਂ ਨੂੰ ਮੁੱਖ ਰੱਖਦਿਆਂ ਸਰਕਾਰ ਨੇ ਇਸ ਬਜਟ ਨੂੰ 1500 ਕਰੋੜ ਰੁਪਏ ਤੱਕ ਵਧਾਉਣ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਹੈ, ਤਾਂ ਜੋ ਕਿਸੇ ਵੀ ਮਰੀਜ਼ ਦੇ ਇਲਾਜ ਵਿਚ ਫੰਡਾਂ ਦੀ ਕਮੀ ਨਾ ਆਵੇ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਮਰੀਜ਼ਾਂ ਨੂੰ ਇਲਾਜ ਲਈ ਵਿਆਪਕ ਵਿਕਲਪ ਦਿੱਤੇ ਗਏ ਹਨ ਜਿਸ ਤਹਿਤ ਸੂਬੇ ਦੇ ਲਗਭਗ 650 ਨਿੱਜੀ (ਪ੍ਰਾਈਵੇਟ) ਹਸਪਤਾਲ ਸੂਚੀਬੱਧ ਕੀਤੇ ਗਏ ਹਨ ਅਤੇ ਸਮੂਹ ਸਰਕਾਰੀ ਹਸਪਤਾਲ, ਸੀਐਚਸੀ ਅਤੇ ਮੈਡੀਕਲ ਕਾਲਜ ਵੀ ਇਸ ਯੋਜਨਾ ਦੇ ਦਾਇਰੇ ਵਿਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਲਾਭਪਾਤਰੀ ਇਨ੍ਹਾਂ ਸਿਹਤ ਸੰਸਥਾਨਾਂ ਵਿਚ ਜਾ ਕੇ ਆਪਣਾ 10 ਲੱਖ ਰੁਪਏ ਤੱਕ ਦਾ ਇਲਾਜ ਨਕਦੀ ਰਹਿਤ ਕਰਵਾ ਸਕਣਗੇ। ਸਿਹਤ ਮੰਤਰੀ ਨੇ ਦੱਸਿਆ ਕਿ ਰਾਜ ਦੇ 23 ਜ਼ਿਲ੍ਹਿਆਂ ’ਚ ਟਰਾਇਲ ਵਜੋਂ ਇਸ ਯੋਜਨਾ ਤਹਿਤ ਲਗਾਏ ਜਾਣ ਵਾਲੇ ਕੈਂਪਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਕੈਂਪ ਜ਼ਿਲ੍ਹੇ ਦੇ ਇਕ ਹਜ਼ਾਰ ਤੋਂ ਵੱਧ ਆਬਾਦੀ ਵਾਲੇ ਪਿੰਡਾਂ ਅਤੇ ਸ਼ਹਿਰੀ ਵਾਰਡਾਂ ਵਿਚ ਲਗਾਏ ਜਾਣਗੇ ਤਾਂ ਜੋ ਆਮ ਜਨਤਾ ਨੂੰ ਦੂਰ ਨਾ ਜਾਣਾ ਪਵੇ ਅਤੇ ਇਹ ਕਾਰਡ ਬਣਾਉਣ ਲਈ ਬਾਲਗਾਂ ਦੇ ਆਧਾਰ ਕਾਰਡ ਤੇ ਵੋਟਰ ਕਾਰਡ ਜਦਕਿ ਬੱਚਿਆਂ ਲਈ ਆਸ਼ਰਿਤ ਕਾਰਡ ਯੋਗ ਹੋਣਗੇ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ, ਏਡੀਸੀ ਪੂਜਾ ਸਿਆਲ ਗਰੇਵਾਲ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਰਿਤਾ, ਹਲਕਾ ਸਮੇਤ ਹੋਰ ਆਗੂ ਵੀ ਮੌਜੂਦ ਸਨ।