ਨਸ਼ੇ ਦੇ ਟੀਕਿਆਂ ਸਣੇ ਫੜੇ ਦੋ ਵਿਅਕਤੀਆਂ ਨੂੰ 12 ਸਾਲ ਦੀ ਕੈਦ
ਨਸ਼ੇ ਦੇ ਟੀਕਿਆਂ ਸਣੇ ਫੜੇ ਦੋ ਵਿਅਕਤੀਆਂ ਨੂੰ 12 ਸਾਲ ਦੀ ਕੈਦ
Publish Date: Wed, 18 Mar 2026 04:36 PM (IST)
Updated Date: Wed, 18 Mar 2026 04:37 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਕਰੀਬ ਸੱਤ ਸਾਲ ਪਹਿਲਾਂ ਸੀਆਈਏ ਸਟਾਫ਼ ਸਰਹਿੰਦ ਵੱਲੋਂ ਨਸ਼ੇ ਲਈ ਵਰਤੇ ਜਾਣ ਵਾਲੇ ਟੀਕਿਆਂ ਸਮੇਤ ਕਾਬੂ ਕੀਤੇ ਗਏ ਦੋ ਵਿਅਕਤੀਆਂ ਨੂੰ ਸਥਾਨਕ ਅਦਾਲਤ ਵੱਲੋਂ ਮਾਮਲੇ ’ਚ ਕਸੂਰਵਾਰ ਮੰਨਦੇ ਹੋਏ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਏ ਜਾਣ ਦਾ ਸਮਾਚਾਰ ਹੈ। ਜ਼ਿਕਰਯੋਗ ਹੈ ਕਿ 11 ਮਈ 2019 ਨੂੰ ਥਾਣਾ ਬਡਾਲੀ ਆਲਾ ਸਿੰਘ ਵਿਖੇ ਦਰਜ ਮੁਕੱਦਮੇ ਦੇ ਸਬੰਧ ਵਿਚ ਮਨਹਰਮਨਜੀਤ ਸਿੰਘ (34) ਵਾਸੀ ਪਿੰਡ ਖੇੜਾ ਅਤੇ ਖੁਸ਼ਵਿੰਦਰ ਸਿੰਘ (42) ਵਾਸੀ ਪਿੰਡ ਸਾਧੂਗੜ੍ਹ ਨੂੰ ਗ੍ਰਿਫ਼ਤਾਰ ਕਰਦੇ ਹੋਏ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਮੁਖ਼ਬਰੀ ਦੇ ਅਧਾਰ ’ਤੇ ਸੀਆਈਏ ਸਟਾਫ਼ ਸਰਹਿੰਦ ਦੀ ਇਕ ਟੀਮ ਵੱਲੋਂ ਰਜਿੰਦਰਗੜ੍ਹ ਟੀ ਪੁਆਇੰਟ ਨਜ਼ਦੀਕ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਜਿਸ ਦੌਰਾਨ ਇਕ ਮੋਟਰਸਾਈਕਲ ਤੇ ਸਵਾਰ ਹੋ ਕੇ ਆ ਰਹੇ ਉਕਤ ਵਿਅਕਤੀਆਂ ਦੀ ਜਦੋਂ ਸਹਾਇਕ ਥਾਣੇਦਾਰ ਸਤਵਿੰਦਰ ਸਿੰਘ ਨੇ ਤਲਾਸ਼ੀ ਲਈ ਤਾਂ ਦੋਵਾਂ ਦੇ ਕਬਜ਼ੇ ’ਚੋਂ 65 ਟੀਕੇ ਬਿਊਪ੍ਰੋਨੋਰਫਿਨ ਅਤੇ 65 ਸ਼ੀਸ਼ਿਆਂ ਏਵਲ ਬਰਾਮਦ ਹੋਈਆਂ। ਮੁਕੱਦਮੇ ਦੀ ਸੁਣਵਾਈ ਦੌਰਾਨ ਸਥਾਨਕ ਅਦਾਲਤ ਵਿਚ ਪ੍ਰੌਸੀਕਿਊਸ਼ਨ ਅਤੇ ਬਚਾਅ ਪੱਖ ਵੱਲੋਂ ਪੇਸ਼ ਕੀਤੇ ਗਏ ਸਬੂਤਾਂ, ਗਵਾਹਾਂ ਅਤੇ ਦਲੀਲਾਂ ਨੂੰ ਵਿਚਾਰਨ ਤੋਂ ਬਾਅਦ ਫਤਹਿਗੜ੍ਹ ਸਾਹਿਬ ਦੀ ਸਪੈਸ਼ਲ ਅਦਾਲਤ ਨੇ ਮਨਹਰਮਨਜੀਤ ਸਿੰਘ ਅਤੇ ਖੁਸ਼ਵਿੰਦਰ ਸਿੰਘ ਨੂੰ ਮਾਮਲੇ ਵਿਚ ਦੋਸ਼ੀ ਮੰਨਦੇ ਹੋਏ 12-12 ਸਾਲ ਬਾਮੁਸ਼ੱਕਤ ਕੈਦ ਅਤੇ ਇੱਕ-ਇੱਕ ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ।