ਜ਼ਿਲ੍ਹੇ ਨੂੰ ਟੀਬੀ ਮੁਕਤ ਕਰਨ ਲਈ 100 ਦਿਨਾਂ ਵਿਸ਼ੇਸ਼ ਮੁਹਿੰਮ ਜਾਰੀ
ਜ਼ਿਲ੍ਹੇ ਨੂੰ ਟੀਬੀ ਮੁਕਤ ਕਰਨ ਲਈ 100 ਦਿਨਾਂ ਵਿਸ਼ੇਸ਼ ਮੁਹਿੰਮ ਜਾਰੀ
Publish Date: Fri, 24 Apr 2026 05:06 PM (IST)
Updated Date: Fri, 24 Apr 2026 05:10 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ ਹਿਤਿੰਦਰ ਦੇ ਦਿਸ਼ਾ-ਨਿਰਦੇਸ਼ਾਂ ਤੇ ਸਿਵਲ ਸਰਜਨ ਡਾ ਅਰਵਿੰਦ ਪਾਲ ਸਿੰਘ ਦੀ ਅਗਵਾਈ ਹੇਠ ਜ਼ਿਲ੍ਹੇ ਨੂੰ ਟੀਬੀ ਮੁਕਤ ਕਰਨ ਲਈ 100 ਦਿਨਾਂ ਵਿਸ਼ੇਸ਼ ਮੁਹਿੰਮ ਲਗਾਤਾਰ ਜਾਰੀ ਹੈ। ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਦੇ 113 ਹਾਈ ਰਿਸਕ ਪਿੰਡਾਂ ਅਤੇ ਮੁਹੱਲਿਆਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਤੇ ਵੈਨਾਂ ਰਾਹੀਂ ਸਕ੍ਰੀਨਿੰਗ ਕੀਤੀ ਜਾ ਰਹੀ ਹੈ। ਜ਼ਿਲ੍ਹਾ ਟੀਬੀ ਅਫ਼ਸਰ ਡਾ ਮਨਪ੍ਰੀਤ ਕੌਰ ਦੀ ਦੇਖਰੇਖ ਹੇਠ ਸ਼ੱਕੀ ਮਰੀਜ਼ਾਂ ਦੀ ਬਲਗਮ ਦੀ ਜਾਂਚ ਅਤੇ ਐਕਸਰੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਟੀਬੀ ਪਾਜ਼ੇਟਿਵ ਪਾਏ ਜਾਣ ਵਾਲੇ ਮਰੀਜ਼ਾਂ ਦਾ ਮੁਫ਼ਤ ਇਲਾਜ ਤੁਰੰਤ ਸ਼ੁਰੂ ਕੀਤਾ ਜਾਂਦਾ ਹੈ। ਇਸ ਮੁਹਿੰਮ ਤਹਿਤ ਪਿੰਡ ਸ਼ਾਹਪੁਰ ਵਿਚ 59 ਮਰਦਾਂ ਅਤੇ 11 ਔਰਤਾਂ ਸਮੇਤ ਕੁੱਲ 70 ਵਿਅਕਤੀਆਂ ਦੇ ਐਕਸਰੇ ਕੀਤੇ ਗਏ। ਇਸ ਤੋਂ ਇਲਾਵਾ ਸ਼੍ਰੀ ਗਣੇਸ਼ ਐਡੀਬਲ ਮਿਲਜ਼ ਵਿੱਚ ਜਾਗਰੂਕਤਾ ਗਤੀਵਿਧੀਆਂ ਚਲਾਈਆਂ ਗਈਆਂ ਤੇ ਲੋਕਾਂ ਨੂੰ ਪੈਂਫਲਟ ਵੀ ਵੰਡੇ ਗਏ। ਸਿਵਲ ਸਰਜਨ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ ਦੋ ਹਫ਼ਤੇ ਤੋਂ ਲਗਾਤਾਰ ਖੰਘ, ਬੁਖ਼ਾਰ, ਭਾਰ ਘਟਣ ਜਾਂ ਭੁੱਖ ਨਾ ਲੱਗਣ ਵਰਗੇ ਲੱਛਣ ਦਿਖਾਈ ਦੇਣ ਤਾਂ ਉਹ ਤੁਰੰਤ ਨੇੜਲੇ ਸਰਕਾਰੀ ਸਿਹਤ ਕੇਂਦਰ ਵਿਚ ਮੁਫ਼ਤ ਜਾਂਚ ਕਰਵਾਉਣ। ਉਨ੍ਹਾਂ ਕਿਹਾ ਕਿ ਬਿਮਾਰੀ ਦਾ ਮੁਢਲੀ ਸਟੇਜ ਤੇ ਪਤਾ ਲੱਗਣ ਨਾਲ ਇਸ ਦਾ ਮੁਕੰਮਲ ਇਲਾਜ ਸੰਭਵ ਹੈ।