ਮਿਡ ਡੇਅ ਮੀਲ ਤੇ ਆਸ਼ਾ ਵਰਕਰਾਂ ਨੇ ਮੰਗਾਂ ਨੂੰ ਲੈ ਕੇ ਕੀਤਾ ਪ੍ਰਦਰਸ਼ਨ
ਮਿਡ ਡੇ ਮੀਲ ਤੇ ਆਸ਼ਾ ਵਰਕਰਾਂ ਨੇ ਸਪੀਕਰ ਕੁਲਤਾਰ ਸੰਧਵਾਂ ਦੇ ਰਿਹਾਇਸ਼ ਸਾਹਮਣੇ ਰੋਸ ਪ੍ਰਦਰਸ਼ਨ
Publish Date: Sun, 01 Mar 2026 05:40 PM (IST)
Updated Date: Mon, 02 Mar 2026 04:05 AM (IST)

ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਰਿਹਾਇਸ਼ ਅੱਗੇ ਲਾਇਆ ਧਰਨਾ ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਮਾਣ ਭੱਤਾ ਵਰਕਰਜ਼ ਸਾਂਝਾ ਮੋਰਚਾ ਪੰਜਾਬ ਵੱਲੋਂ ਅੱਜ 1 ਮਾਰਚ ਨੂੰ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੇ 6 ਕੈਬਨਿਟ ਮੰਤਰੀਆਂ ਅਤੇ ਕਾਰਜਕਾਰੀ ਪ੍ਰਧਾਨ ਦੇ ਘਰਾਂ ਵੱਲ ਰੋਸ ਮਾਰਚ ਕਰਕੇ ਮਾਣ ਭੱਤਾ ਵਰਕਰਾਂ ਨਾਲ ਕੀਤੇ ਚੋਣ ਵਾਅਦੇ ਯਾਦ ਕਰਵਾਉਣ ਦੇ ਦਿੱਤੇ ਐਕਸ਼ਨਾਂ ਤਹਿਤ ਅੱਜ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਦੀ ਰਿਹਾਇਸ਼ ਸਾਹਮਣੇ ਜ਼ਿਲ੍ਹੇ ਦੀਆਂ ਮਿੱਡ ਡੇ ਮੀਲ ਅਤੇ ਆਸ਼ਾ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਦੀ ਅਗਵਾਈ ਲਖਵਿੰਦਰ ਕੌਰ ਅਤੇ ਸਰਬਜੀਤ ਕੌਰ ਨੇ ਸਾਂਝੇ ਰੂਪ ਵਿੱਚ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਉਕਤ ਆਗੂਆਂ ਤੋਂ ਇਲਾਵਾ ਰਮਨਜੀਤ ਕੌਰ ਮੁਕਤਸਰ, ਪਰਮਜੀਤ ਕੌਰ ਮੁੱਦਕੀ, ਹਰਪਾਲ ਕੌਰ ਮੁਕਤਸਰ, ਹਰਮੰਦਰ ਕੌਰ ਮੋਗਾ, ਲਛਮੀ ਬਾਈ, ਗੁਰਪ੍ਰੀਤ ਕੌਰ ਬਠਿੰਡਾ, ਰੁਪਿੰਦਰ ਕੌਰ, ਬਲਦੇਵ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਮਾਣ ਭੱਤਾ ਵਰਕਰਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਹਨਾਂ ਨੂੰ ਮਿਲਦੇ ਨਿਗੂਣੇ ਮਾਣ ਭੱਤਿਆਂ ਨੂੰ ਦੁੱਗਣਾ ਕੀਤਾ ਜਾਵੇਗਾ ਅਤੇ ਵਰਕਰਾਂ ਦੀ ਤਨਖਾਹ ਵਿੱਚ ਹਰ ਸਾਲ ਬਣਦਾ ਵਾਧਾ ਕੀਤਾ ਜਾਵੇਗਾ ਪ੍ਰੰਤੂ ਚਾਰ ਸਾਲ ਬਾਅਦ ਵੀ ਵਰਕਰਾਂ ਦੀਆਂ ਤਨਖਾਹਾਂ ਵਿੱਚ ਇੱਕ ਟਕੇ ਦਾ ਵੀ ਵਾਧਾ ਨਹੀਂ ਕੀਤਾ ਗਿਆ ਅਤੇ ਓਹ ਸੌ ਰੁਪਏ ਪ੍ਰਤੀ ਦਿਹਾੜੀ ਦੇ ਨਿਗੂਣੇ ਭੱਤੇ ਉੱਤੇ ਹੀ ਆਪਣੇ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ਼ ਕਰ ਰਹੇ ਹਨ। ਇਸ ਦੇ ਉਲਟ ਕੇਵਲ ਝੂਠੇ ਲਾਰੇ ਲੱਪੇ ਲਗਾ ਕੇ ਮਾਣ ਭੱਤਾ ਵਰਕਰਾਂ ਦਾ ਸ਼ੋਸ਼ਣ ਲਗਾਤਾਰ ਜਾਰੀ ਹੈ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਦੇ ਬਲਵੀਰ ਸੀਵੀਆ, ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਦੇ ਆਗੂ ਸਿਕੰਦਰ ਸਿੰਘ ਧਾਲੀਵਾਲ, ਪਵਨ ਕੁਮਾਰ ਅਤੇ ਨਵਪ੍ਰੀਤ ਸਿੰਘ, ਨੌਜਵਾਨ ਭਾਰਤ ਸਭਾ ਦੇ ਨੌਨਿਹਾਲ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੁਖਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਰਾਜ ਸੱਤਾ ਤੇ ਕਾਬਜ਼ ਹੋਣ ਤੋਂ ਪਹਿਲਾਂ ਹਰ ਵਰਗ ਨਾਲ ਅਨੇਕਾਂ ਹੀ ਵਾਅਦੇ ਕਰਕੇ ਉਹਨਾਂ ਦੀ ਹਰ ਮੁਸ਼ਕਲ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਜਿਸ ਵਿੱਚ ਇਹ ਸਰਕਾਰ ਪੂਰੀ ਤਰ੍ਹਾਂ ਅਸਫਲ ਰਹੀ ਹੈ। ਜਿਸ ਕਾਰਨ ਹਰ ਵਰਗ ਇਸ ਸਰਕਾਰ ਤੋਂ ਪੂਰੀ ਤਰ੍ਹਾਂ ਨਿਰਾਸ਼ ਤੇ ਗੁੱਸੇ ਵਿੱਚ ਹੈ ਤੇ ਸਘੰਰਸ਼ ਦੇ ਮੈਦਾਨ ਵਿੱਚ ਹੈ। ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਪੇਸ਼ ਕੀਤੇ ਜਾਣ ਵਾਲੇ ਆਪਣੇ ਆਖ਼ਰੀ ਬੱਜਟ ਵਿੱਚ ਮਾਣ ਭੱਤਾ ਵਰਕਰਾਂ ਨੂੰ ਅਣਗੌਲਿਆਂ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਮਨਪ੍ਰੀਤ ਕੌਰ, ਕਿਰਨਜੀਤ ਕੌਰ, ਸੁਖਜੀਵਨ ਕੌਰ ਬਾਵਾ, ਪਰਮਜੀਤ ਕੌਰ ਲੰਬੀ, ਸੀਮਾ ਰਾਣੀ, ਛਿੰਦਰਪਾਲ ਕੌਰ, ਮੇਲਾ ਸਿੰਘ ਨੇ ਸੰਬੋਧਨ ਕੀਤਾ। ਰੋਸ ਪ੍ਰਦਰਸ਼ਨ ਵਿੱਚ ਦਰਜ਼ਾ ਚਾਰ ਸਫਾਈ ਸੇਵਕ ਯੂਨੀਅਨ ਦੇ ਮੈਂਬਰ ਵੀ ਸ਼ਾਮਲ ਹੋਏ। ਰੈਲੀ ਤੋਂ ਬਾਅਦ ਮਾਰਚ ਕਰਕੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। 6 ਮਾਰਚ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਮੀਟਿੰਗ ਮਿਲਣ ਤੇ ਧਰਨਾ ਪ੍ਰਦਰਸ਼ਨ ਸਮਾਪਤ ਕੀਤਾ ਗਿਆ।