ਔਰਤਾਂ ਨੂੰ ਜਾਤੀ ਸਰਟੀਫਿਕੇਟ ਲਈ ਕੀਤਾ ਜਾ ਰਿਹਾ ਖੱਜਲ : ਭਗਤੂਆਣਾ
ਐੱਸ.ਸੀ ਭਾਈਚਾਰੇ ਦੀਆਂ ਔਰਤਾਂ ਨੂੰ ਜਾਤੀ ਸਰਟੀਫਿਕੇਟ ਦੇ ਨਾਂ ’ਤੇ ਕੀਤਾ ਜਾ ਰਿਹਾ ਖੱਜਲ ਖੁਆਰ : ਡਾ. ਗੁਰਚਰਨ ਭਗਤੂਆਂਣਾ
Publish Date: Fri, 10 Apr 2026 04:00 PM (IST)
Updated Date: Sat, 11 Apr 2026 04:00 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵੱਲੋਂ ਦਲਿਤ ਭਾਈਚਾਰੇ ਦੀਆਂ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦੇਣ ਦੇ ਮਾਮਲੇ ਵਿਚ ਜਾਤੀ ਸਰਟੀਫਿਕੇਟ ਬਣਾਉਣ ਦੇ ਨਾ ’ਤੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ ਅਤੇ ਇਸ ਨਾਲ ਆਮ ਆਦਮੀ ਪਾਰਟੀ ਦਾ ਦਲਿਤ ਵਿਰੋਧੀ ਚਿਹਰਾ ਬੇਨਕਾਬ ਹੋਇਆ ਹੈ। ਇਸ ਸਬੰਧੀ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਮਾਜ ਸੇਵਕ ਅਤੇ ਯੂਥ ਐਵਾਰਡੀ ਡਾਕਟਰ ਗੁਰਚਰਨ ਭਗਤੂਆਂਣਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਦੀਆਂ ਔਰਤਾਂ ਨੂੰ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਗਿਆ ਸੀ ਅਤੇ ਇਹ ਵਾਅਦਾ ਚਾਰ ਸਾਲ ਬੀਤ ਜਾਣ ਦੇ ਬਾਅਦ ਲਾਗੂ ਕੀਤਾ ਜਾ ਰਿਹਾ ਹੈ। ਡਾ. ਗੁਰਚਰਨ ਭਗਤੂਆਂਣਾ ਨੇ ਕਿਹਾ ਕਿ ਦਲਿਤ ਭਾਈਚਾਰੇ ਦੀ ਔਰਤਾਂ ਨੂੰ ਇਸ ਸਬੰਧੀ ਰਜਿਸਟਰੇਸ਼ਨ ਕਰਵਾਉਣ ਲਈ ਜਾਤੀ ਸਰਟੀਫਿਕੇਟ ਜ਼ਰੂਰੀ ਕੀਤਾ ਜਾ ਰਿਹਾ ਹੈ, ਜਿਸ ਨੂੰ ਬਣਾਉਣ ਲਈ ਸੂਬੇ ਦੀਆਂ ਦਲਿਤ ਭਾਈਚਾਰੇ ਦੀਆਂ ਔਰਤਾਂ ਨੂੰ ਸੇਵਾ ਕੇਂਦਰਾਂ ਵਿਚ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰਿਆਣੇ ਤੋਂ ਪੰਜਾਬ ਵਿਚ ਵਿਆਹੀਆਂ ਔਰਤਾਂ ਦੇ ਸਰਟੀਫਿਕੇਟ ਬਣਾਉਣ ਨੂੰ ਲੈ ਕੇ ਵਖਰੇਵੇਂ ਖ਼ਤਮ ਕੀਤੇ ਜਾਣ ਕਿਉਂਕਿ ਉਹ ਮਹਿਲਾਵਾਂ ਬਹੁਤ ਸਾਲਾਂ ਤੋਂ ਵਿਆਹ ਕਰਕੇ ਪੰਜਾਬ ਦੀਆਂ ਵਾਸੀ ਬਣ ਚੁੱਕੀਆਂ ਹਨ। ਉਨ੍ਹਾਂ ਦੇ ਪੈਨ ਕਾਰਡ, ਆਧਾਰ ਕਾਰਡ, ਵੋਟਰ ਕਾਰਡ, ਬੈਂਕ ਖਾਤੇ ਅਤੇ ਪਿੰਡ ਦੀਆਂ ਵੋਟਰ ਸੂਚੀਆਂ ਵਿਚ ਨਾਮ ਦਰਜ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੇ ਜਾਤੀ ਸਰਟੀਫਿਕੇਟ ਨਹੀਂ ਬਣਾਏ ਜਾ ਰਹੇ, ਜਿਸ ਕਾਰਨ ਦਲਿਤ ਭਾਈਚਾਰੇ ਦੀਆਂ ਔਰਤਾਂ ਵਿਚ ਸੂਬਾ ਸਰਕਾਰ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਰੋਸ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਸ ਰਜਿਸਟਰੇਸ਼ਨ ਲਈ ਸਿਰਫ਼ ਪਿੰਡ ਦੇ ਸਰਪੰਚ ਜਾਂ ਨੰਬਰਦਾਰ ਦੀ ਗਵਾਹੀ ਕਰਕੇ ਹੀ ਰਜਿਸਟਰੇਸ਼ਨ ਕਰਨੀ ਚਾਹੀਦੀ ਹੈ ਤਾਂ ਜੋ ਭਾਈਚਾਰੇ ਦੀਆਂ ਔਰਤਾਂ ਦੀ ਸੇਵਾ ਕੇਂਦਰਾਂ ਵਿਚ ਹੋ ਰਹੀ ਖੱਜਲ ਖੁਆਰੀ ਤੋਂ ਬਚਾਇਆ ਜਾ ਸਕੇ।