ਮਿਲਾਵਟਖੋਰੀ ਖ਼ਿਲਾਫ਼ ਫੂਡ ਸੇਫ਼ਟੀ ਆਨ ਵੀਲਜ਼ ਮੁਹਿੰਮ ਸ਼ੁਰੂ
ਮਿਲਾਵਟਖੋਰੀ ’ਤੇ ਨਕੇਲ ਕੱਸਣ ਲਈ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ‘ਫੂਡ ਸੇਫ਼ਟੀ ਆਨ ਵੀਲਜ਼’ ਮੁਹਿੰਮ ਸ਼ੁਰੂ
Publish Date: Mon, 02 Feb 2026 03:19 PM (IST)
Updated Date: Tue, 03 Feb 2026 04:02 AM (IST)

ਚਾਨਾ ਪੰਜਾਬੀ ਜਾਗਰਣ ਫ਼ਰੀਦਕੋਟ, ਖੁਰਾਕ ਪਦਾਰਥਾਂ ਵਿੱਚ ਵੱਧ ਰਹੀ ਮਿਲਾਵਟਖੋਰੀ ’ਤੇ ਸਖ਼ਤ ਨਕੇਲ ਕੱਸਣ ਅਤੇ ਆਮ ਲੋਕਾਂ ਨੂੰ ਸੁਰੱਖਿਅਤ, ਸਾਫ਼-ਸੁਥਰੀ ਅਤੇ ਮਿਆਰੀ ਖੁਰਾਕ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਫ਼ਰੀਦਕੋਟ ਵਿੱਚ ‘ਫੂਡ ਸੇਫ਼ਟੀ ਆਨ ਵੀਲਜ਼’ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਇਆ ਜਾ ਰਿਹਾ ਹੈ। ਇਸ ਮੁਹਿੰਮ ਰਾਹੀਂ ਪਿੰਡ/ ਵਾਰਡ ਪੱਧਰ ਤੱਕ ਪਹੁੰਚ ਕਰਕੇ ਖੁਰਾਕ ਪਦਾਰਥਾਂ ਦੀ ਤੁਰੰਤ ਜਾਂਚ ਕਰਦਿਆਂ ਲੋਕਾਂ ਦੀ ਸਿਹਤ ਦੀ ਰਾਖੀ ਯਕੀਨੀ ਬਣਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਇਹ ਮੋਬਾਈਲ ਫੂਡ ਸੇਫ਼ਟੀ ਵੈਨ ਫਰਵਰੀ ਮਹੀਨੇ ਦੌਰਾਨ ਨਿਰਧਾਰਤ ਮਿਤੀਆਂ ਅਨੁਸਾਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਅਤੇ ਬਸਤੀਆਂ ਵਿੱਚ ਦੌਰਾ ਕਰੇਗੀ। ਇਸ ਤਹਿਤ 03 ਫਰਵਰੀ ਨੂੰ ਨੱਥੇਵਾਲਾ, 04 ਫਰਵਰੀ ਨੂੰ ਦੇਵੀਵਾਲਾ, 05 ਫਰਵਰੀ ਨੂੰ ਪਿਪਲੀ, 06 ਫਰਵਰੀ ਨੂੰ ਅਰਾਈਆਂਵਾਲਾ, 07 ਫਰਵਰੀ ਨੂੰ ਬਲਬੀਰ ਬਸਤੀ, 09 ਫਰਵਰੀ ਨੂੰ ਵਾੜਾ ਦਰਾਕਾ, 10 ਫਰਵਰੀ ਨੂੰ ਲਾਲੇਆਣਾ, 11 ਫਰਵਰੀ ਨੂੰ ਜੰਡ ਸਾਹਿਬ, 12 ਫਰਵਰੀ ਨੂੰ ਘੁੱਦੂਵਾਲਾ, 13 ਫਰਵਰੀ ਨੂੰ ਬੁਰਜ ਮਸਤਾਂ, 14 ਫਰਵਰੀ ਨੂੰ ਨਾਨਕਸਰ ਬਸਤੀ, 16 ਫਰਵਰੀ ਨੂੰ ਢਿਲਵਾਂ ਕਲਾਂ, 17 ਫਰਵਰੀ ਨੂੰ ਪੰਜਗਰਾਂਈ ਕਲਾਂ, 18 ਫਰਵਰੀ ਨੂੰ ਔਲਖ, 19 ਫਰਵਰੀ ਨੂੰ ਚੇਤ ਸਿੰਘ ਵਾਲਾ, 20 ਫਰਵਰੀ ਨੂੰ ਹਰੀ ਨੌਂ, 21 ਫਰਵਰੀ ਨੂੰ ਡੋਗਰ ਬਸਤੀ ਫਰੀਦਕੋਟ, 23 ਫਰਵਰੀ ਨੂੰ ਹਰਦਿਆਲੇਆਣਾ, 24 ਫਰਵਰੀ ਨੂੰ ਰਾਜੋਵਾਲਾ, 25 ਫਰਵਰੀ ਨੂੰ ਮਿੱਡੂਮਾਣ, 26 ਫਰਵਰੀ ਨੂੰ ਮਚਾਕੀ ਕਲਾਂ, 27 ਫਰਵਰੀ ਨੂੰ ਬਿਹਲੇ ਵਾਲਾ ਅਤੇ 28 ਫਰਵਰੀ ਨੂੰ ਮਾਨੀ ਸਿੰਘ ਵਾਲਾ ਵਿਖੇ ਇਹ ਵੈਨ ਉਪਲਬਧ ਰਹੇਗੀ। 08, 15 ਅਤੇ 22 ਫਰਵਰੀ 2026 (ਐਤਵਾਰ) ਨੂੰ ਛੁੱਟੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਅਧੀਨ ਆਮ ਲੋਕ, ਦੁਕਾਨਦਾਰ, ਖਾਦ ਪਦਾਰਥਾਂ ਦੇ ਵਪਾਰੀ ਅਤੇ ਹੋਟਲ/ਢਾਬਾ ਚਲਾਉਣ ਵਾਲੇ ਆਪਣੇ ਖੁਰਾਕ ਪਦਾਰਥਾਂ ਦੀ ਜਾਂਚ ਕਰਵਾ ਸਕਣਗੇ, ਜਿਸ ਨਾਲ ਮਿਲਾਵਟਖੋਰੀ ਨੂੰ ਰੋਕਣ ਵਿੱਚ ਮਦਦ ਮਿਲੇਗੀ ਅਤੇ ਲੋਕਾਂ ਦਾ ਸਿਹਤ ’ਤੇ ਭਰੋਸਾ ਹੋਰ ਮਜ਼ਬੂਤ ਹੋਵੇਗਾ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਇਸ ‘ਫੂਡ ਸੇਫ਼ਟੀ ਆਨ ਵੀਲਜ਼’ ਵੈਨ ਦੀ ਵੱਧ ਤੋਂ ਵੱਧ ਵਰਤੋਂ ਕਰਨ, ਆਪਣੇ ਘਰਾਂ ਅਤੇ ਵਪਾਰਕ ਸਥਾਨਾਂ ’ਤੇ ਵਰਤੇ ਜਾਣ ਵਾਲੇ ਖੁਰਾਕ ਪਦਾਰਥਾਂ ਦੀ ਜਾਂਚ ਕਰਵਾਉਣ ਅਤੇ ਮਿਲਾਵਟ-ਰਹਿਤ ਖੁਰਾਕ ਲਈ ਪ੍ਰਸ਼ਾਸਨ ਦਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਜਨਤਾ ਦੀ ਸੁਚੇਤ ਭਾਗੀਦਾਰੀ ਨਾਲ ਹੀ ਇਸ ਮੁਹਿੰਮ ਨੂੰ ਪੂਰੀ ਤਰ੍ਹਾਂ ਸਫ਼ਲ ਬਣਾਇਆ ਜਾ ਸਕਦਾ ਹੈ।