- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰ ਜੀ ਜਾਗੋ! ਸੜਕਾਂ ’ਤੇ ਮੌਤ ਵੰਡ ਰਹੇ ਲਾਵਾਰਿਸ ਪਸ਼ੂਆਂ ਤੋਂ ਆਖਰ ਕਦੋਂ ਮਿਲੇਗੀ ਨਿਜਾਤ

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਮੁੱਖ ਮਾਰਗਾਂ, ਸ਼ਹਿਰੀ ਸੜਕਾਂ, ਪਿੰਡਾਂ ਦੀਆਂ ਸੰਪਰਕ ਸੜਕਾਂ ’ਤੇ ਹਾਦਸਿਆਂ ਦਾ ਕਾਰਨ ਅਤੇ ਪਿੰਡਾਂ ’ਚ ਫ਼ਸਲਾਂ ਦੀ ਬਰਬਾਦੀ ਦਾ ਕਾਰਨ ਬਣਦੇ ਲਾਵਾਰਿਸ ਪਸੂਆਂ ਦਾ ਹੁਣ ਤੱਕ ਨਾ ਹੀ ਤਾਂ ਕਿਸੇ ਸੰਸਥਾ ਤੇ ਨਾ ਹੀ ਪ੍ਰਸ਼ਾਸਨ ਵੱਲੋਂ ਕਿਤੇ ਕੋਈ ਯੋਗ ਪ੍ਰਬੰਧ ਨਹੀਂ ਕੀਤਾ ਜਾ ਸਕਿਆ ਹੈ, ਜਿਸ ਕਾਰਨ ਸਾਲ ਦਰ ਸਾਲ ਇਨ੍ਹਾਂ ਦੀ ਸੰਖਿਆਂ ’ਚ ਨਿਰੰਤਰ ਵਾਧਾ ਹੋ ਰਿਹਾ ਹੈ। ਜੈਤੋ ਸ਼ਹਿਰ ਦੀਆਂ ਸੜਕਾਂ ਤੇ ਜਨਤਕ ਪਾਰਕਾਂ ਤੋਂ ਇਲਾਵਾ ਰਾਸ਼ਟਰੀ ਮਾਰਗ ’ਤੇ ਖੁੱਲੇ੍ਹਆਮ ਘੁੰਮਦੇ ਲਾਵਾਰਿਸ ਪਸੂਆਂ ਦੇ ਝੁੰਡ ਪਿਛਲੇ ਕੁਝ ਸਾਲਾਂ ’ਚ ਹੀ ਅਣਗਿਣਤ ਲੋਕਾਂ ਦੀ ਜਾਨ ਲੈ ਚੁੱਕੇ ਹਨ ਜਦ ਕਿ ਵਾਹਨਾਂ ਦੇ ਹਾਦਸਿਆਂ ਦਾ ਸ਼ਿਕਾਰ ਹੋਣ ਕਾਰਨ ਕਰੋੜਾਂ ਦਾ ਮਾਲੀ ਨੁਕਸਾਨ ਹੋ ਚੁੱਕਾ ਹੈ। ਅੱਜ ਹਾਲਤ ਇਹ ਹੈ ਕਿ ਸ਼ਹਿਰ ਦੀ ਕੋਈ ਵੀ ਸੜਕ, ਬਾਜ਼ਾਰ, ਗਲੀ, ਪਾਰਕ ਤੇ ਸਬਜ਼ੀ ਮੰਡੀ ਅਜਿਹੀ ਨਹੀਂ ਹੈ ਜਿੱਥੇ ਲਾਵਾਰਿਸ ਪਸ਼ੂਆਂ ਦਾ ਜਮਾਵੜਾ ਨਾ ਹੋਵੇ। ਜਿੱਥੇ ਕਿਤੇ ਵੀ ਇਨ੍ਹਾਂ ਨੂੰ ਖਾਣ ਲਈ ਘਾਹ ਫੂਸ ਤੇ ਸਬਜ਼ੀਆਂ ਦੀ ਰਹਿੰਦ ਖੂੰਹਦ ਮਿਲ ਜਾਵੇ ਇਹ ਉੱਥੇ ਹੀ ਝੁੰਡ ਬਣਾ ਕੇ ਖੜ੍ਹ ਜਾਂਦੇ ਹਨ। ਦਿਨ ਵੇਲੇ ਇਹ ਪਸ਼ੂ ਪਿੰਡਾਂ ਜਾਂ ਸ਼ਹਿਰਾਂ ’ਚ ਘੁੰਮਦੇ ਹਨ ਅਤੇ ਰਾਤ ਪੈਂਦਿਆਂ ਹੀ ਖੁੱਲ੍ਹੇ ’ਚ ਸੜਕਾਂ ’ਤੇ ਆ ਬੈਠਦੇ ਹਨ, ਜਿਸ ਨਾਲ ਹਾਦਸੇ ਵਾਪਰਦੇ ਹਨ। ਇਸ ਖੇਤਰ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਨੂੰ ਜਾਣ ਵਾਲੀਆਂ ਪ੍ਰਮੁੱਖ ਸੜਕਾਂ ’ਤੇ ਰਾਤ ਬਰਾਤੇ ਹਮੇਸ਼ਾ ਹੀ ਲਾਵਾਰਿਸ ਪਸ਼ੂਆਂ ਦੇ ਕਾਫ਼ਲੇ ਵਾਹਨ ਚਾਲਕਾਂ ਲਈ ਖ਼ਤਰਾ ਬਣੇ ਰਹਿੰਦੇ ਹਨ ਕਿਉਂਕਿ ਵਾਹਨਾਂ ਦੀ ਰੌਸ਼ਨੀ ਹੋਣ ਕਰਕੇ ਇਹ ਪਸ਼ੂ ਇਕ ਦਮ ਵਾਹਨ ਅੱਗੇ ਆ ਜਾਂਦੇ ਹਨ, ਜਿਸ ਨਾਲ ਅਕਸਰ ਹੀ ਹਾਦਸਾ ਵਾਪਰ ਜਾਂਦਾ ਹੈ। ਜਾਣਕਾਰੀ ਅਨੁਸਾਰ ਇਸ ਵੇਲੇ ਇਕੱਲੇ ਇਸ ਖੇਤਰ ’ਚ ਹੀ ਸੈਂਕੜਿਆਂ ਦੇ ਕਰੀਬ ਲਾਵਾਰਿਸ ਪਸ਼ੂ ਹਨ ਜੋ ਭੁੱਖੇ ਪਿਆਸੇ ਸਾਰਾ ਦਿਨ ਇੱਧਰ-ਉੱਧਰ ਭਟਕਦੇ ਫਿਰਦੇ ਰਹਿੰਦੇ ਹਨ ਤੇ ਅਕਸਰ ਹੀ ਇਨ੍ਹਾਂ ’ਚ ਹੁੰਦੀਆਂ ਹਿੰਸਕ ਝੜਪਾਂ ਸ਼ਹਿਰ ਤੇ ਰਾਹਗੀਰਾਂ ਲਈ ਸਮੱਸਿਆਵਾਂ ਦਾ ਕਾਰਨ ਬਣਦੀਆਂ ਹਨ। ਸੂਝਵਾਨ ਸ਼ਹਿਰੀ ਲਾਵਾਰਿਸ ਪਸ਼ੂਆਂ ਕਾਰਨ ਦਰਪੇਸ਼ ਸਮੱਸਿਆਵਾਂ ਤੋਂ ਚਿੰਤਤ ਵੀ ਹਨ ਅਤੇ ਹੈਰਾਨ ਵੀ ਕਿਉਂਕਿ ਸ਼ਹਿਰ ਵਿਚ ਦੋ ਗਊਸ਼ਾਲਾਵਾਂ ਹਨ ਜਿੰਨ੍ਹਾਂ ਕੋਲ ਜਗ੍ਹਾ ਦੀ ਵੀ ਕੋਈ ਕਮੀ ਨਹੀਂ। ਇੱਕ ਗਊਸ਼ਾਲਾ ਕੋਲ ਤਾਂ ਕਈ ਏਕੜ ਦੇ ਕਰੀਬ ਜ਼ਮੀਨ ਵੀ ਹੈ ਪਰ ਫੇਰ ਵੀ ਇਹ ਸੰਸਥਾਵਾਂ ਇਨ੍ਹਾਂ ਲਾਵਾਰਿਸ ਪਸ਼ੂਆਂ ਨੂੰ ਸਾਂਭਣ ਦਾ ਪ੍ਰਬੰਧ ਕਿਉਂ ਨਹੀਂ ਕਰਦੀਆਂ? ਇਸ ਸਬੰਧੀ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਏਨੀ ਵੱਡੀ ਗਿਣਤੀ ਵਿਚ ਫਿਰ ਰਹੇ ਪਸ਼ੂਆਂ ਦੀ ਸੰਭਾਲ ਉਨ੍ਹਾਂ ਦੇ ਵੱਸੋਂ ਬਾਹਰੀ ਗੱਲ ਬਣੀ ਹੋਈ ਹੈ। ਬੇਲਗਾਮ ਘੁੰਮਦੇ ਇਨ੍ਹਾਂ ਪਸ਼ੂਆਂ ਨੂੰ ਪਸ਼ੂ ਚਕਿਤਸਾ ਦੁਆਰਾ ਨਿਯੰਤਰਨ ਕਰਨ ਦਾ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਜਿਸ ਦੇ ਨਤੀਜੇ ਵਜੋਂ ਫਿਰ ਤੋਂ ਇਨ੍ਹਾਂ ਦੀ ਸੰਖਿਆ ’ਚ ਬੇਤਹਾਸਾ ਵਾਧਾ ਹੋਣ ਲੱਗਾ ਹੈ। ਸ਼ਹਿਰੀ ਖੇਤਰ ਤੋਂ ਇਲਾਵਾ ਪੇਂਡੂ ਖੇਤਰਾਂ ਦੇ ਲੋਕ ਵੀ ਲਾਵਾਰਿਸ ਪਸ਼ੂਆਂ ਤੋਂ ਡਾਢੇ ਦੁਖੀ ਹਨ। ਇਨ੍ਹਾਂ ਵੱਲੋਂ ਫ਼ਸਲਾਂ ਦੇ ਉਜਾੜੇ ਨੂੰ ਰੋਕਣ ਲਈ ਦਿਨ-ਰਾਤ ਫ਼ਸਲਾਂ ਦੀ ਰਾਖੀ ਲਈ ਬੈਠਣਾ ਪੈਂਦਾ ਹੈ ਤੇ ਜਦੋਂ ਕਦੇ ਉਹ ਇੱਧਰ-ਉਧਰ ਹੁੰਦੇ ਹਨ ਤਾਂ ਉਨ੍ਹਾਂ ਨੂੰ ਫ਼ਸਲਾਂ ਦਾ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ। ਇਸ ਮੌਕੇ ਜੈਤੋ ਇਲਾਕੇ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਭਾਰੀ ਖ਼ਰਚ ਕਰਕੇ ਆਪਣੇ ਖੇਤਾਂ ਦੇ ਚਾਰੇ ਪਾਸੇ ਤਾਰਬੰਦੀ ਕਰਦੇ ਹਨ, ਫਿਰ ਵੀ ਪਸ਼ੂ ਉਨ੍ਹਾਂ ਦੀਆਂ ਫ਼ਸਲਾਂ ਦਾ ਉਜਾੜਾ ਕਰ ਜਾਂਦੇ ਹਨ। ਕਿਸਾਨਾਂ ਨੇ ਦੱਸਿਆ ਕਿ ਫ਼ਸਲਾਂ ਦੀ ਤਬਾਹੀ ਤੋਂ ਬਚਣ ਲਈ ਉਨ੍ਹਾਂ ਨੂੰ ਅੱਤ ਦੀ ਗਰਮੀ ਤੇ ਕੜਾਕੇ ਦੀ ਠੰਢ ਵਿਚ ਵੀ ਖੇਤਾਂ ’ਚ ਜਾਗ ਕੇ ਰਾਤਾਂ ਕੱਟਣੀਆਂ ਪੈ ਰਹੀਆਂ ਹਨ। ਕਈ ਵਾਰ ਪਸੂਆਂ ਦਾ ਝੁੰਡ ਖੇਤ ਅੰਦਰ ਵੜ ਕੇ ਸਾਰੀ ਫ਼ਸਲ ਖ਼ਰਾਬ ਕਰ ਦਿੰਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਨ੍ਹਾਂ ਪਸ਼ੂਆਂ ਦੇ ਕਾਰਨ ਹਰ ਸੀਜ਼ਨ ਵਿਚ ਕਾਫ਼ੀ ਫ਼ਸਲ ਬਰਬਾਦ ਹੋ ਜਾਂਦੀ ਹੈ। ਜਿਸ ਕਾਰਨ ਉਨ੍ਹਾਂ ਨੂੰ ਬਹੁਤ ਜ਼ਿਆਦਾ ਆਰਥਿਕ ਨੁਕਸਾਨ ਹੁੰਦਾ ਹੈ। ਇਸ ਹਲਕੇ ’ਚੋਂ ਲੰਬੀ ਦੂਰੀ ਦੇ ਮਾਰਗ ਵੀ ਗੁਜਰਦੇ ਹਨ, ਜੋ ਬਠਿੰਡਾ, ਫ਼ਰੀਦਕੋਟ, ਕੋਟਕਪੂਰਾ, ਸ੍ਰੀ ਅੰਮ੍ਰਿਤਸਰ ਸਾਹਿਬ, ਬਰਨਾਲਾ, ਸੰਗਰੂਰ, ਪਟਿਆਲਾ, ਚੰਡੀਗੜ੍ਹ, ਸ੍ਰੀ ਮੁਕਤਸਰ ਸਾਹਿਬ ਤੇ ਪੰਜਾਬ ਦੇ ਵੱਡੇ ਸ਼ਹਿਰਾਂ ਨਾਲ ਜੁੜਦੇ ਹਨ। ਉਨ੍ਹਾਂ ਮਾਰਗਾਂ ਤੋਂ ਦਿਨ-ਰਾਤ ਤੇਜ਼ੀ ਨਾਲ ਵਾਹਨ ਗੁਜਰਦੇ ਹਨ। ਕਈ ਵਾਰ ਵਾਹਨ ਗੁਜਰਦੇ ਵਕਤ ਆਵਾਰਾ ਪਸ਼ੂ ਅਚਾਨਕ ਅੱਗੇ ਆ ਜਾਂਦੇ ਹਨ ਤੇ ਵੱਡੇ ਹਾਦਸੇ ਵਾਪਰ ਜਾਂਦੇ ਹਨ। ਖ਼ਾਸਕਰ ਕੇ ਜੈਤੋ-ਕੋਟਕਪੂਰਾ ਰੋਡ, ਜੈਤੋ-ਬਠਿੰਡਾ ਰੋਡ, ਜੈਤੋ-ਬਰਨਾਲਾ ਰੋਡ ਤੇ ਜੈਤੋ-ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਇਨ੍ਹਾਂ ਆਵਾਰਾ ਪਸ਼ੂਆਂ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ। ਜਿਨ੍ਹਾਂ ਵਿਚ ਅੱਜ ਤੱਕ ਅਨੇਕ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ ਪਿੰਡਾਂ ਦੀਆਂ ਗਲੀਆਂ ਵਿਚ ਇਹ ਪਸ਼ੂ ਡਾਰਾਂ ਬਣ ਕੇ ਘੁੰਮਦੇ ਆਮ ਦੇਖੇ ਜਾ ਸਕਦੇ ਹਨ, ਜਿਹੜੇ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਲਈ ਹਮੇਸ਼ਾ ਖ਼ਤਰਾ ਬਣੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਆਵਾਰਾ ਪਸ਼ੂਆਂ ਦੀ ਲੜਾਈ ਕਈ ਵਾਰ ਹਾਦਸਿਆਂ ਦਾ ਕਾਰਨ ਬਣੀ ਹੈ। ਇਨ੍ਹਾਂ ਲਾਵਾਰਿਸ ਪਸ਼ੂਆਂ ਤੋਂ ਪੀੜਤ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਛੇਤੀ ਹੀ ਸੜਕਾਂ ’ਤੇ ਮੌਤ ਬਣ ਘੁੰਮਦੇ ਇਨ੍ਹਾਂ ਲਾਵਾਰਿਸ ਪਸ਼ੂਆਂ ਨੂੰ ਰੱਖਣ ਤੇ ਡਾਕਟਰੀ ਸਹਾਇਤਾ ਨਾਲ ਇਨ੍ਹਾਂ ਦੇ ਵਾਧੇ ਨੂੰ ਰੋਕਣ ਯੋਗ ਪ੍ਰਬੰਧ ਕੀਤੇ ਜਾਣ।