ਗੁੱਡ ਮੌਰਨਿੰਗ ਕਲੱਬ ਵੱਲੋਂ ਰਿਸ਼ੀ ਰਛਪਾਲ ਦਾ ਸਨਮਾਨ
ਗੁੱਡ ਮੌਰਨਿੰਗ ਕਲੱਬ ਵੱਲੋਂ ਵਾਇਸ ਆਫ ਪੰਜਾਬ ਰਿਸ਼ੀ ਰਛਪਾਲ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ
Publish Date: Wed, 25 Feb 2026 03:43 PM (IST)
Updated Date: Thu, 26 Feb 2026 04:01 AM (IST)

ਹਰਪ੍ਰੀਤ ਸਿੰਘ ਚਾਨਾ, ਪੰਜਾਬੀ ਜਾਗਰਣ, ਕੋਟਕਪੂਰਾ : ‘ਵਾਇਸ ਆਫ ਪੰਜਾਬ’ ਬਣੇ ਰਿਸ਼ੀ ਰਛਪਾਲ ਦਾ ਵਿਸ਼ੇਸ਼ ਸਨਮਾਨ ਗੁੱਡ ਮੌਰਨਿੰਗ ਕਲੱਬ ਦੇ ਮੰਚ ’ਤੇ ਮਿਉਂਸਪਲ ਪਾਰਕ ਕੋਟਕਪੂਰਾ ਵਿਖੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਸੰਸਥਾਵਾਂ ਅਤੇ ਜਥੇਬੰਦੀਆਂ ਨਾਲ ਸਬੰਧਤ ਉੱਘੀਆਂ ਸ਼ਖਸ਼ੀਅਤਾਂ ਨੇ ਵੀ ਸ਼ਮੂਲੀਅਤ ਕੀਤੀ। ਕਲੱਬ ਦੇ ਜਨਰਲ ਸਕੱਤਰ ਪ੍ਰੋ ਐਚ.ਐਸ. ਪਦਮ ਨੇ ਦੱਸਿਆ ਕਿ ਰਿਸ਼ੀ ਰਛਪਾਲ ਦਾ ਕਲੱਬ ਵਲੋਂ ਸਨਮਾਨ ਕਰਨ ਦਾ ਮਕਸਦ ਇਹੀ ਹੈ ਕਿ ਇਸ ਤੋਂ ਹੋਰ ਨੌਜਵਾਨ ਅਤੇ ਬੱਚੇ ਵੀ ਪ੍ਰੇਰਨਾ ਲੈਣ। ਡਾ. ਮਨਜੀਤ ਸਿੰਘ ਢਿੱਲੋਂ ਨੇ ਆਖਿਆ ਕਿ ਕਲੱਬ ਦੀ ਹਮੇਸ਼ਾਂ ਇਹੀ ਕੋਸ਼ਿਸ਼ ਰਹੀ ਹੈ ਕਿ ਬੱਚਿਆਂ ਤੇ ਨੌਜਵਾਨਾ ਨੂੰ ਮਾੜੀ ਸੁਸਾਇਟੀ ਅਤੇ ਨਸ਼ਿਆਂ ਤੋਂ ਬਚਾਅ ਕੇ ਪੜਾਈ ਦੇ ਨਾਲ-ਨਾਲ ਹੋਰਨਾ ਖੇਤਰਾਂ ਵਿੱਚ ਵੀ ਉਤਸ਼ਾਹਿਤ ਕੀਤਾ ਜਾਵੇ। ਜਸਕਰਨ ਸਿੰਘ ਭੱਟੀ, ਸੁਰਿੰਦਰ ਸਿੰਘ ਸਦਿਉੜਾ ਅਤੇ ਸੁਨੀਲ ਕੁਮਾਰ ਬਿੱਟਾ ਗਰੋਵਰ ਨੇ ਆਖਿਆ ਕਿ ਰਿਸ਼ੀ ਰਛਪਾਲ ਦੀ ਚੰਗੀ ਪ੍ਰਵਰਿਸ਼ ਬਦਲੇ ਉਸਦੇ ਮਾਤਾ-ਪਿਤਾ ਦੀ ਪ੍ਰਸੰਸਾ ਕਰਨਾ ਵੀ ਜਰੂਰੀ ਹੈ, ਕਿਉਂਕਿ ਮਾਤਾ ਪਿਤਾ ਦੀ ਸੁਚੱਜੀ ਸਾਂਭ-ਸੰਭਾਲ ਅਤੇ ਪ੍ਰੇਰਨਾ ਨਾਲ ਹੀ ਬੱਚੇ ਬੁਲੰਦੀਆਂ ਹਾਸਲ ਕਰਦੇ ਹਨ। ਰਿਸ਼ੀ ਰਛਪਾਲ ਦੇ ਪਿਤਾ ਗੁਰਸੇਵਕ ਸਿੰਘ, ਤਾਇਆ ਸੂਬੇਦਾਰ ਮੇਜਰ ਸਿੰਘ, ਭਰਾ ਗੋਲਡੀ ਸਮੇਤ ਰਘਬੀਰ ਸਿੰਘ ਸੰਧੂ ਅਤੇ ਅਮਰਦੀਪ ਸਿੰਘ ਦੀਪਾ ਨੇ ਦੱਸਿਆ ਕਿ ਰਿਸ਼ੀ ਰਛਪਾਲ ਬਚਪਨ ਤੋਂ ਹੀ ਗਾਇਕੀ ਦਾ ਸ਼ੌਕੀਨ ਸੀ ਅਤੇ ਚੰਗਾ ਗਾਉਣ ਲਈ ਅਕਸਰ ਕੋਸ਼ਿਸ਼ ਕਰਦਾ ਰਹਿੰਦਾ ਸੀ। ਮੁਖਤਿਆਰ ਸਿੰਘ ਮੱਤਾ ਅਤੇ ਓਮ ਪ੍ਰਕਾਸ਼ ਗੁਪਤਾ ਮੁਤਾਬਿਕ ਰਿਸ਼ੀ ਰਛਪਾਲ ਦਾ ਸਨਮਾਨ ਚਿੰਨ ਅਤੇ ਕਲੱਬ ਦੇ ਸਾਂਭਣਯੋਗ ਸ਼ਾਨਦਾਰ ਸੋਵੀਨੀਅਰ ਨਾਲ ਸਨਮਾਨ ਵੀ ਕੀਤਾ ਗਿਆ। ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਅਤੇ ਗੁਰਮੀਤ ਸਿੰਘ ਮੀਤਾ ਨੇ ਦੱਸਿਆ ਕਿ ਸਮਾਜ ਸੇਵਾਵਾਂ ਬਦਲੇ ਇਲਾਕੇ ਦੀ ਉੱਘੀ ਸ਼ਖਸ਼ੀਅਤ ਰਘਬੀਰ ਸਿੰਘ ਸੰਧੂ ਦਾ ਵੀ ਕਲੱਬ ਵਲੋਂ ਸੋਵੀਨੀਅਰ ਕਮ ਡਾਇਰੀ ਨਾਲ ਵਿਸ਼ੇਸ਼ ਸਨਮਾਨ ਹੋਇਆ।