ਪੱਖੀ ਕਲਾਂ ਵਿਖੇ ਮਲੇਰੀਆ ਤੋਂ ਬਚਾਅ ਸਬੰਧੀ ਕੀਤਾ ਜਾਗਰੂਕ
ਪਿੰਡ ਪੱਖੀ ਕਲਾਂ ਵਿਖ਼ੇ ਪਿੰਡ ਵਾਸੀਆਂ ਨੂੰ ਮਲੇਰੀਆ ਬੁਖਾਰ ਬਾਰੇ ਕੀਤਾ ਜਾਗਰੂਕ
Publish Date: Thu, 11 Jun 2026 04:20 PM (IST)
Updated Date: Fri, 12 Jun 2026 04:03 AM (IST)

ਅਰਸ਼ਦੀਪ ਸੋਨੀ, ਪੰਜਾਬੀ ਜਾਗਰਣ, ਸਾਦਿਕ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਤੇ ਸਿਵਲ ਸਰਜਨ, ਫਰੀਦਕੋਟ ਡਾ. ਰਮਨਦੀਪ ਸਿੰਗਲਾ ਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਹਿਮਾਂਸ਼ੂ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਡਾ. ਅਰਸ਼ਦੀਪ ਸਿੰਘ ਬਰਾੜ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਪੀ. ਐਚ. ਸੀ. ਜੰਡ ਸਾਹਿਬ ਦੀ ਰਹਿਨੁਮਾਈ ਵਿੱਚ ਪਿੰਡ ਪੱਖੀ ਕਲਾਂ ਵਿਖ਼ੇ ਪਿੰਡ ਵਾਸੀਆਂ ਨੂੰ ਮਲੇਰੀਆ ਬੁਖਾਰ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਰਜਿੰਦਰ ਕੁਮਾਰ ਬੀ. ਈ. ਈ. ਪੀ. ਐਚ. ਸੀ. ਜੰਡ ਸਾਹਿਬ ਨੇ ਦੱਸਿਆ ਕਿ ਸਿਹਤ ਵਿਭਾਗ ਮਲੇਰੀਏ ਦਾ ਖਾਤਮਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਮਲੇਰੀਆ ਰੋਕਥਾਮ ਲਈ ਲੋੜੀਂਦੀਆਂ ਦਵਾਈਆਂ ਦੇ ਪ੍ਰਬੰਧ ਦੇ ਨਾਲ-ਨਾਲ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਲੱਮ ਏਰੀਆ ਝੁੱਗੀ ਝੌਂਪੜੀ ਅਤੇ ਭੱਠਿਆਂ, ਉਦਯੋਗਿਕ ਇਕਾਈਆਂ, ਉਸਾਰੀ ਅਧੀਨ ਇਮਾਰਤਾਂ ਵਿੱਚ ਰਹਿੰਦੀ ਲੇਬਰ ਦਾ ਸਰਵੇ ਵੀ ਕਰਵਾਇਆ ਜਾ ਰਿਹਾ ਹੈ ਅਤੇ ਬੁਖਾਰ ਵਾਲੇ ਕੇਸ ਲੱਭ ਕੇ ਮਲੇਰੀਆ ਟੈਸਟ ਕੀਤਾ ਜਾ ਰਿਹਾ ਹੈ। ਉਨਾਂ ਨੇ ਕਿਹਾ ਕਿ ਫਰਿੱਜ ਦੇ ਪਿਛਲੇ ਪਾਸੇ ਮੋਟਰ ਕੋਲ਼ ਲੱਗੀ ਟ੍ਰੇਅ ਨੂੰ ਵੀ ਹਰ ਹਫਤੇ ਖਾਲੀ ਕਰਕੇ ਸੁਕਾਇਆ ਜਾਵੇ। ਪੰਛੀਆਂ ਦੇ ਪੀਣ ਲਈ ਪਾਣੀ ਵਾਲੇ ਕਟੋਰੇ ਦੀ ਸਫਾਈ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਮੱਛਰਾਂ ਦੇ ਵਾਧੇ ਵਾਲੀਆ ਥਾਵਾਂ ਹਨ। ਘਰਾਂ ਦੇ ਆਲੇ-ਦੁਆਲੇ ਖੜ੍ਹੇ ਪਾਣੀ ਉਪਰ ਕਾਲਾ ਤੇਲ, ਮਿੱਟੀ ਦਾ ਤੇਲ ਜਾਂ ਡੀਜ਼ਲ ਪਾ ਕੇ ਮੱਛਰਾਂ ਦੇ ਵਾਧੇ ਨੂੰ ਰੋਕ ਸਕਦੇ ਹਾਂ। ਬੁਖਾਰ ਹੋਣ ਦੀ ਹਾਲਤ ਵਿਚ ਸਰਕਾਰੀ ਹਸਪਤਾਲ ਵਿੱਚ ਜਾ ਕੇ ਮਲੇਰੀਆ ਡੇਂਗੂ ਦਾ ਟੈਸਟ ਜੋ ਕਿ ਮੁਫ਼ਤ ਕੀਤਾ ਜਾਂਦਾ ਹੈ, ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਵੀ ਇਸ ਮਲੇਰੀਆ ਖ਼ਾਤਮਾ ਕਰਨ ਵਿਚ ਯੋਗਦਾਨ ਦੇਣਾ ਚਾਹੀਦਾ ਹੈ, ਕਿਉਂਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਇਹ ਟੀਚਾ ਹਾਸਲ ਕਰਨਾ ਔਖਾ ਹੈ। ਉਹਨਾਂ ਕਿਹਾ ਕਿ ਮਲੇਰੀਆ ਤੋਂ ਬਚਾਅ ਲਈ ਮੱਛਰਦਾਨੀ ਦਾ ਪ੍ਰਯੋਗ, ਮੱਛਰ ਤੋਂ ਬਚਾਅ ਲਈ ਕਰੀਮਾਂ ਦੀ ਵਰਤੋਂ ਅਤੇ ਪੂਰੀਆਂ ਬਾਹਾਂ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ। ਇਕਦਮ ਤੇਜ਼ ਬੁਖਾਰ ਹੋਣ ਨਾਲ ਜਾਂ ਸਰੀਰ ਟੁੱਟਦਾ ਮਹਿਸੂਸ ਹੋਣ ਨਾਲ ਤੁਰੰਤ ਨੇੜਲੇ ਸਰਕਾਰੀ ਸਿਹਤ ਸੰਸਥਾ ਵਿਖੇ ਜਾ ਕੇ ਆਪਣਾ ਟੈਸਟ ਜਰੂਰ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਬਲਵਿੰਦਰ ਸਿੰਘ ਸਿਹਤ ਸੁਪਰਵਾਈਜਰ, ਰਾਜਿੰਦਰ ਸਿੰਘ ਸਿਹਤ ਵਰਕਰ ਅਤੇ ਮਨਜੀਤ ਕੌਰ ਏ. ਐਨ. ਐਮ. ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ ।