ਤਿੰਨ ਦਿਨ ਪਾਰਕਿੰਗ ਰਹੇਗੀ ਬੰਦ : ਚਾਣਕੀਆ
10, 11 ਅਤੇ 12 ਜਨਵਰੀ ਨੂੰ ਤਿੰਨ ਦਿਨ ਵਾਹਨ ਪਾਰਕਿੰਗ ਰਹੇਗੀ ਬੰਦ : ਚਾਣਕੀਆ
Publish Date: Fri, 09 Jan 2026 04:57 PM (IST)
Updated Date: Sat, 10 Jan 2026 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਸ਼ਹਿਰ ਵਿੱਚ ਦੁਕਾਨਦਾਰਾਂ ਵੱਲੋਂ ਕੀਤੇ ਨਜਾਇਜ ਕਬਜੇ ਅਤੇ ਵਾਹਨ ਪਾਰਕਿੰਗ ਦੀ ਵਰਤੋਂ ਕਰਨ ਦੀ ਬਜਾਇ ਸੜਕ ’ਤੇ ਅਣਅਧਿਕਾਰਤ ਤੌਰ ’ਤੇ ਗਲਤ ਢੰਗ ਨਾਲ ਗੱਡੀਆਂ ਖੜੀਆਂ ਕਰਨ ਕਰਕੇ ਪਲ ਪਲ ਲੱਗਦੇ ਟ੍ਰੈਫਿਕ ਜਾਮ ਦੀ ਸਥਿੱਤੀ ਅਗਾਮੀ ਦਿਨਾ ਵਿੱਚ ਹੋਰ ਵੀ ਗੰਭੀਰ ਹੋਣ ਦੀ ਸੰਭਾਵਨਾ ਹੈ, ਕਿਉਂਕਿ ਸਥਾਨਕ ਜੈਤੋ ਸੜਕ ’ਤੇ ਸਥਿੱਤ ਗੁਰਦਵਾਰਾ ਪਾਤਸ਼ਾਹੀ ਦਸਵੀਂ ਛਾਉਣੀ ਨਿਹੰਗ ਸਿੰਘਾਂ ਵਿਖੇ ਬਣੀ ਵਾਹਨ ਪਾਰਕਿੰਗ ਤਿੰਨ ਦਿਨ ਲਈ ਬੰਦ ਰਹੇਗੀ। ਪਾਰਕਿੰਗ ਦੇ ਠੇਕੇਦਾਰਾਂ ਮੁਤਾਬਿਕ 10-11 ਅਤੇ 12 ਜਨਵਰੀ ਨੂੰ ਸਵੇਰੇ 12:30 ਵਜੇ ਤੋਂ ਪਹਿਲਾਂ ਪਹਿਲਾਂ ਵਾਹਨ ਪਾਰਕਿੰਗ ਦਾ ਦਰਵਾਜਾ ਖੁੱਲੇਗਾ ਅਤੇ ਉਸ ਤੋਂ ਬਾਅਦ ਬੰਦ ਕਰ ਦਿੱਤਾ ਜਾਵੇਗਾ। ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਕੁਲਵੰਤ ਸਿੰਘ ਚਾਣਕੀਆ ਨੇ ਦੱਸਿਆ ਕਿ ਹਰ ਸਾਲ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਨਾਲ ਸਬੰਧਤ ਬੁੱਢਾ ਦਲ ਦੇ ਨਿਹੰਗ ਸਿੰਘ ਆਪੋ-ਆਪਣੇ ਦਲਾਂ ਨਾਲ ਮੁਕਤਸਰ ਸਾਹਿਬ ਵਿਖੇ ਲੱਗਣ ਵਾਲੇ ਮਾਘੀ ਦੇ ਇਤਿਹਾਸਕ ਜੋੜ ਮੇਲੇ ਵਿੱਚ ਸ਼ਾਮਲ ਹੋਣ ਲਈ ਜਾਣ ਤੋਂ ਪਹਿਲਾਂ ਗੁਰਦਵਾਰਾ ਪਾਤਸ਼ਾਹੀ ਦਸਵੀਂ ਵਿਖੇ ਠਹਿਰਾਅ ਕਰਦੇ ਹਨ। ਉਹਨਾ ਦੱਸਿਆ ਕਿ ਵੱਖ-ਵੱਖ ਦਲਾਂ ਨਾਲ ਸਬੰਧਤ ਨਿਹੰਗ ਸਿੰਘਾਂ ਦਾ ਪੜਾਅ ਦਾ ਸਿਲਸਿਲਾ ਲਗਾਤਾਰ ਤਿੰਨ ਦਿਨ ਚੱਲਦਾ ਰਹਿੰਦਾ ਹੈ। ਇਸ ਤਰ੍ਹਾਂ 12 ਜਨਵਰੀ ਨੂੰ ਸਾਰੇ ਦਲ ਮੁਕਤਸਰ ਸਾਹਿਬ ਲਈ ਰਵਾਨਾ ਹੋ ਜਾਂਦੇ ਹਨ ਤੇ ਫਿਰ ਵਾਹਨ ਪਾਰਕਿੰਗ ਆਮ ਦੀ ਤਰ੍ਹਾਂ ਖੋਲ ਦਿੱਤੀ ਜਾਂਦੀ ਹੈ। ਜਿਕਰਯੋਗ ਹੈ ਕਿ ਦੁਕਾਨਦਾਰਾਂ ਦੇ ਨਜਾਇਜ ਕਬਜਿਆਂ ਕਾਰਨ ਸ਼ਹਿਰ ਵਿੱਚ ਪਹਿਲਾਂ ਹੀ ਆਵਾਜਾਈ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ ਤੇ ਜੇਕਰ ਵਾਹਨ ਚਾਲਕਾਂ ਨੇ ਆਪਣੇ ਸੁਭਾਅ ਵਿੱਚ ਤਬਦੀਲੀ ਨਾ ਲਿਆਂਦੀ ਤਾਂ ਇਹ ਸਮੱਸਿਆ ਹੋਰ ਗੰਭੀਰ ਰੂਪ ਧਾਰਨ ਕਰ ਸਕਦੀ ਹੈ।