ਬਹੁ-ਕਰੋੜੀ ਸੱਭਿਆਚਾਰਕ ਕੇਂਦਰ ਬਣਿਆ ਖੰਡਰ
ਫਰੀਦਕੋਟ ’ਚ 8 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਸੱਭਿਆਚਾਰਕ ਕੇਂਦਰ ਦਾ ਕੀਮਤੀ ਸਮਾਨ ਚੋਰੀ
Publish Date: Wed, 04 Feb 2026 03:51 PM (IST)
Updated Date: Thu, 05 Feb 2026 04:02 AM (IST)

ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਕੇਂਦਰ ਅਤੇ ਪੰਜਾਬ ਸਰਕਾਰ ਨੇ ਕਰੀਬ 3 ਦਹਾਕੇ ਪਹਿਲਾਂ ਫਰੀਦਕੋਟ, ਬਾਈਪਾਸ ’ਤੇ ਸਥਿੱਤ ਵੱਡੀਆਂ ਨਹਿਰਾਂ ਨੇੜੇ ਉਸਾਰੇ ਮਾਲਵੇ ਦੇ ਪਹਿਲੇ ਸੱਭਿਆਚਾਰਕ ਕੇਂਦਰ ਅਤੇ ਪਾਰਕ ਦੀ ਦੇਖ ਭਾਲ ਨਾ ਹੋਣ ਕਾਰਨ ਉਕਤ ਕੇਂਦਰ ਉੱਜੜ ਗਿਆ ਹੈ, ਹੁਣ ਇੱਥੇ ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਦਾ ਕੋਈ ਵਸਨੀਕ ਘੁੰਮਣ ਫਿਰਨ ਜਾਂ ਸੈਰ ਕਰਨ ਲਈ ਨਹੀਂ ਆਇਆ। ਕੇਂਦਰ ਅਤੇ ਪੰਜਾਬ ਸਰਕਾਰ ਦੇ ਸਾਂਝੇ ਫੰਡਾਂ ਨਾਲ 1993 ਵਿੱਚ 10 ਏਕੜ ਦੇ ਰਕਬੇ ਵਿੱਚ ਟਰੇਨ ਰੈਸਟੋਰੈਂਟ, ਪਾਣੀ ਦੇ ਝਰਨੇ ਅਤੇ ਝੀਲਾਂ, ਬੱਚਿਆਂ ਲਈ ਰੇਲਵੇ ਸਟੇਸ਼ਨ, ਖੇਡ ਪਾਰਕ, ਊਰਜਾ ਪਾਰਕ, ਆਰਟ ਗੈਲਰੀ, ਲਾਇਬ੍ਰੇਰੀ ਅਤੇ ਮਨੋਰੰਜਨ ਪਾਰਕ ਉਸਾਰੇ ਗਏ ਸਨ, ਜਿਸ ਉਪਰ ਲਗਭਗ 8 ਕਰੋੜ ਰੁਪਏ ਖਰਚਾ ਆਇਆ ਸੀ ਪਰ ਉਸ ਤੋਂ ਬਾਅਦ ਉਕਤ ਕੇਂਦਰ ਦੀ ਦੇਖਭਾਲ ਕਰਨ ਦੀ ਬਜਾਇ ਇੱਥੇ ਕੰਮ ਕਰਦੇ ਮਾਲੀ ਅਤੇ ਚੋਂਕੀਦਾਰ ਵੀ ਇੱਥੋਂ ਬਦਲ ਦਿੱਤੇ ਗਏ। ਇਸ ਵੇਲੇ ਉਕਤ ਪਾਰਕ ਅਤੇ ਕੇਂਦਰ ਦੀ ਸਾਂਭ ਸੰਭਾਲ ਕਰਨ ਲਈ ਕੋਈ ਵੀ ਅਮਲਾ ਮੌਜੂਦ ਨਹੀਂ ਹੈ। ਜਿਸ ਕਰਕੇ ਕੇਂਦਰ ਅੰਦਰ ਬਣੇ ਬੱਚਿਆਂ ਲਈ ਰੇਲਵੇ ਸਟੇਸ਼ਨ ਦਾ ਸਮਾਨ, ਝੀਲਾਂ ਦੇ ਪੱਥਰ, ਸੂਰਜੀ ਊਰਜਾ ਦੇ ਸੋਲਰ ਪੈਨਲ ਸਮੇਤ ਕੇਂਦਰ ਦੀ ਚਾਰਦੀਵਾਰੀ ਲਈ ਕੀਤੀ ਗਈ ਕੰਧ ਦੀਆਂ ਇੱਟਾਂ ਵੀ ਚੋਰੀ ਹੋ ਚੁੱਕੀਆਂ ਹਨ। ਜਿਲਾ ਪ੍ਰਸ਼ਾਸ਼ਨ ਨੇ ਇਸ ਕੇਂਦਰ ਅਤੇ ਪਾਰਕ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਜਿਲਾ ਰੈੱਡ ਕਰਾਸ ਸੁਸਾਇਟੀ ਨੂੰ ਦਿੱਤੀ ਸੀ, ਕਰੀਬ 10 ਸਾਲ ਤੱਕ ਇਸ ਦੀ ਪੂਰੀ ਤਰਾਂ ਰੈੱਡ ਕਰਾਸ ਸੰਭਾਲ ਕਰਦੀ ਰਹੀ ਪਰ ਉਸ ਤੋਂ ਬਾਅਦ ਰੈੱਡ ਕਰਾਸ ਨੇ ਵੀ ਇਸ ਨੂੰ ਲਵਾਰਸ ਛੱਡ ਦਿੱਤਾ। ਕੁਝ ਸਮਾਂ ਪਹਿਲਾਂ ਜਿਲਾ ਪ੍ਰਸ਼ਾਸ਼ਨ ਨੇ ਇਹ ਪਾਰਕ ਠੇਕੇ ਉਪਰ ਨਿੱਜੀ ਹੱਥਾਂ ਵਿੱਚ ਦੇਣ ਦੀ ਕੋਸ਼ਿਸ਼ ਕੀਤੀ, ਜੋ ਕਾਮਯਾਬ ਨਾ ਹੋ ਸਕੀ। ਗੁਰਦਿੱਤ ਸਿੰਘ ਸੇਖੋਂ ਵਿਧਾਇਕ ਫਰੀਦਕੋਟ ਮੁਤਾਬਿਕ ਸਰਕਾਰ ਨੇ ਇਸ ਪਾਰਕ ਦੀ ਪੁਰਾਣੀ ਦਿੱਖ ਬਹਾਲ ਕਰਨ ਲਈ 28 ਲੱਖ ਰੁਪਏ ਖਰਚੇ ਅਤੇ ਹੁਣ ਇਸ ਦੀ ਸਾਂਭ ਸੰਭਾਲ ਲਈ ਲੋੜੀਂਦੇ ਅਮਲੇ ਅਤੇ ਫੰਡਾਂ ਸਬੰਧੀ ਸਰਕਾਰ ਨੂੰ ਲਿਖਿਆ ਗਿਆ ਹੈ।