ਖਹਿਰਾ ਦੇ ਘਰ ’ਤੇ ਪੀਲਾ ਪੰਜਾ ਚਲਾਉਣਾ ਦੀ ਕੀਤੀ ਨਿਖੇਧੀ
ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਘਰ ’ਤੇ ਪੀਲਾ ਪੰਜਾ ਚਲਾਉਣਾ ਬਹੁਤ ਹੀ ਨਿੰਦਣਯੋਗ : ਕਾਂਗਰਸੀ ਆਗੂ
Publish Date: Fri, 27 Feb 2026 05:03 PM (IST)
Updated Date: Sat, 28 Feb 2026 04:01 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਆਲ ਇੰਡੀਆ ਕਿਸਾਨ ਕਾਂਗਰਸ ਦੇ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਭੁਲੱਥ ਤੋਂ ਕਾਂਗਰਸੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਘਰ ’ਤੇ ਪੀਲਾ ਪੰਜਾ ਚਲਾਉਣਾ ਬਹੁਤ ਹੀ ਘਟੀਆ ਤੇ ਨਿੰਦਣਯੋਗ ਗੱਲ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਫ਼ਰੀਦਕੋਟ ਦੇ ਸਾਬਕਾ ਚੇਅਰਮੈਨ ਪਵਨ ਗੋਇਲ ਜੈਤੋ, ਪੰਜਾਬ ਕਾਂਗਰਸ ਦੇ ਸਾਬਕਾ ਸਕੱਤਰ ਮਿਹਰ ਸਿੰਘ (ਸਾਬਕਾ ਸਰਪੰਚ ਕਰੀਰਵਾਲੀ), ਮਾਰਕੀਟ ਕਮੇਟੀ ਜੈਤੋ ਦੇ ਸਾਬਕਾ ਚੇਅਰਮੈਨ ਸਿਕੰਦਰ ਸਿੰਘ ਮੜ੍ਹਾਕ (ਸਾਬਕਾ ਸਰਪੰਚ ਮੜ੍ਹਾਕ), ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਮੀਤ ਪ੍ਰਧਾਨ ਮਨਬੀਰ ਸਿੰਘ ‘ਬੱਬੂ ਬਰਾੜ’ ਮੱਤਾ, ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਜਨਰਲ ਸਕੱਤਰ ਦਵਿੰਦਰਬੀਰ ਸਿੰਘ ਬਰਾੜ ਮੱਤਾ, ਬਲਾਕ ਸੰਮਤੀ ਕੋਟਕਪੂਰਾ ਦੇ ਸਾਬਕਾ ਵਾਈਸ ਚੇਅਰਮੈਨ ਸੁਖਜੀਤ ਸਿੰਘ ਧਾਲੀਵਾਲ (ਸਾਬਕਾ ਸਰਪੰਚ ਕੋਠੇ ਹਵਾਨਾ) ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰੀਤਪਾਲ ਸਿੰਘ ਭਲੂਰੀਆ (ਸਾਬਕਾ ਸਰਪੰਚ ਬਰਗਾੜੀ) ਨੇ ਇੱਥੇ ਗੱਲਬਾਤ ਕਰਦਿਆਂ ਕੀਤਾ। ਕਾਂਗਰਸੀ ਆਗੂਆਂ ਪਵਨ ਗੋਇਲ, ਮਿਹਰ ਸਿੰਘ ਕਰੀਰਵਾਲੀ, ਸਿਕੰਦਰ ਸਿੰਘ ਮੜ੍ਹਾਕ, ਮਨਬੀਰ ਸਿੰਘ ‘ਬੱਬੂ ਬਰਾੜ’ ਮੱਤਾ, ਦਵਿੰਦਰਬੀਰ ਸਿੰਘ ਬਰਾੜ ਮੱਤਾ, ਸੁਖਜੀਤ ਸਿੰਘ ਧਾਲੀਵਾਲ ਕੋਠੇ ਹਵਾਨਾ ਅਤੇ ਪ੍ਰੀਤਪਾਲ ਸਿੰਘ ਭਲੂਰੀਆ ਬਰਗਾੜੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਜਿਹੜੀਆਂ ਇਹ ਨਵੀਆਂ-ਨਵੀਆਂ ਪਿਰਤਾਂ ਪਾ ਰਹੀ ਹੈ ਉਹ ਸਮਾਜ ਵਾਸਤੇ ਬਹੁਤ ਮਾੜੀਆਂ ਹਨ। ਜੇਕਰ ਕੋਈ ਕਾਰਵਾਈ ਕਰਨੀ ਹੀ ਸੀ ਤਾਂ ਪਹਿਲਾਂ ਇਹਨਾਂ ਨੂੰ ਨੋਟਿਸ ਦਿੱਤਾ ਜਾਣਾ ਚਾਹੀਦਾ ਸੀ। ਨਾ ਤਾਂ ਪਹਿਲਾਂ ਕੋਈ ਨੋਟਿਸ ਦਿੱਤਾ ਨਾ ਹੀ ਸੂਚਿਤ ਕੀਤਾ ਗਿਆ, ਜਦਕਿ ਪਿੰਡ ਦੀ ਪੰਚਾਇਤ ਵੀ ਉਨ੍ਹਾਂ ਦੇ ਹੱਕ ’ਚ ਬੋਲਦੀ ਹੈ। ਦੂਜੀ ਗੱਲ ਕਿ ਲਾਲ ਲਕੀਰ ਦੇ ਅੰਦਰ ਦਾ ਰਿਕਾਰਡ ਹੀ ਕਿਸੇ ਕੋਲ ਨਹੀਂ ਹੈ ਕਿ ਕੀਹਦੀ ਜਗ੍ਹਾ ਕੀਹਦੀ ਨਹੀਂ ਹੈ। ਇਸ ਤਰ੍ਹਾਂ ਤੇ ਪਿੰਡ ਵਿਚ ਜਿਹੜਾ ਮਰਜ਼ੀ ਜਿਸ ਦਾ ਮਰਜ਼ੀ ਘਰ ਢਾਹ ਦਿਓ, ਇਹ ਇੱਕ ਬਹੁਤ ਘਟੀਆ ਬੜੀ ਸ਼ਰਮਨਾਕ ਗੱਲ ਹੈ।