- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੇਮੌਸਮੀ ਮੀਂਹ ਤੇ ਕਾਲੇ ਬੱਦਲਾਂ ਨੇ ਵਧਾਈ ਕਿਸਾਨਾਂ ਦੀ ਚਿੰਤਾ

-ਕਿਸਾਨਾਂ ਵੱਲੋਂ ਪੁੱਤਾਂ ਵਾਂਗ ਪਾਲੀ ਫ਼ਸਲ ਖੇਤਾਂ ’ਚ ਵਿਛੀ
ਹਰਪ੍ਰੀਤ ਸਿੰਘ ਚਾਨਾ, ਪੰਜਾਬੀ ਜਾਗਰਣ,
ਫਰੀਦਕੋਟ : ਮਾਰਚ ਮਹੀਨੇ ਦੇ ਅਖੀਰਲੇ ਦਿਨਾ ਵਿੱਚ ਬਦਲੇ ਮੋਸਮ ਦੇ ਮਿਜਾਜ਼ ਨੇ ਇੱਥੋਂ ਦੇ ਕਿਸਾਨਾਂ ਦੀਆਂ ਚਿੰਤਾਵਾਂ ਵਿੱਚ ਵਾਧਾ ਕਰ ਦਿੱਤਾ ਹੈ। ਇਸ ਇਲਾਕੇ ਵਿੱਚ ਬੀਤੇ ਦਿਨਾਂ ਤੋਂ ਤੇਜ਼ ਹਵਾਵਾਂ ਚੱਲੀਆਂ, ਕਿਣ-ਮਿਣ ਹੋ ਰਹੀ ਹੈ, ਸਾਰੀ ਰਾਤ ਬੱਦਲਵਾਈ ਬਣੀ ਰਹੀ, ਅੱਜ ਵੀ ਹਵਾ ਦੇ ਨਾਲ-ਨਾਲ ਕਿਣ ਮਿਣ ਹੁੰਦੀ ਰਹੀ, ਜਿਸ ਕਰਕੇ ਖੇਤਾਂ ਵਿੱਚ ਖੜ੍ਹੀ ਕਣਕ ਦੀ ਤਿਆਰ ਫਸਲ ਡਿੱਗ ਪਈ। ਕਟਾਈ ਦੇ ਬਿਲਕੁਲ ਨੇੜੇ ਪਹੁੰਚ ਚੁੱਕੀ ਕਣਕ ਦੀ ਫਸਲ ’ਤੇ ਇਸ ਮੌਕੇ ਦੀ ਬਾਰਿਸ਼ ਭਾਰੀ ਪੈ ਸਕਦੀ ਹੈ। ਆਪਣੀ ਪੁੱਤਾਂ ਵਾਂਗੂ ਪਾਲੀ ਫਸਲ ਤੋਂ ਚਿੰਤਤ ਕਿਸਾਨ ਲਗਾਤਾਰ ਅਸਮਾਨ ਵੱਲ ਦੇਖ ਰਹੇ ਹਨ ਅਤੇ ਉਨ੍ਹਾਂ ਨੂੰ ਮੌਸਮ ਦੇ ਸਥਿਰ ਹੋਣ ਦੀ ਉਡੀਕ ਹੈ। ਇਸ ਮੌਕੇ ਕਿਸਾਨ ਨਿਰਮਲ ਸਿੰਘ, ਹਰਕਰਨ ਸਿੰਘ, ਤੇਜਵੀਰ ਸਿੰਘ, ਗੁਰਨਾਮ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਹੋਈ ਤੇਜ਼ ਬਾਰਿਸ਼ ਅਤੇ ਹਨੇਰੀ ਨੇ ਪਹਿਲਾਂ ਹੀ ਕਈ ਥਾਵਾਂ ’ਤੇ ਕਣਕ ਦੀ ਫਸਲ ਨੂੰ ਡੇਗ ਦਿੱਤਾ, ਜਦਕਿ ਹੁਣ ਸਰ੍ਹੋਂ ਦੀ ਫਸਲ ਨੂੰ ਵੀ ਨੁਕਸਾਨ ਪਹੁੰਚਣਾ ਸ਼ੁਰੂ ਹੋ ਗਿਆ ਹੈ। ਕਈ ਖੇਤਾਂ ਵਿੱਚ ਵੱਢੀ ਜਾ ਚੁੱਕੀ ਸਰ੍ਹੋਂ ਦੀ ਫਸਲ ਪਈ ਹੈ, ਜੋ ਬਾਰਿਸ਼ ਨਾਲ ਗਿੱਲੀ ਹੋ ਗਈ ਤਾਂ ਉਸ ਦੀ ਗੁਣਵੱਤਾ ਪ੍ਰਭਾਵਿਤ ਹੋਵੇਗੀ, ਜੇਕਰ ਮੀਂਹ ਤੇਜ ਪੈਂਦਾ ਹੈ ਤਾਂ ਖੇਤਾਂ ਵਿੱਚ ਪਾਣੀ ਭਰਨ ਨਾਲ ਡਿੱਗੀ ਕਣਕ ਦੀ ਫਸਲ ਸੜਨ ਦਾ ਖਤਰਾ ਵੱਧ ਜਾਵੇਗਾ। ਕਿਸਾਨ ਸੁਖਚੈਨ ਸਿੰਘ ਦਾ ਕਹਿਣਾ ਹੈ ਕਿ ਅੱਜ ਜਿਸ ਤਰ੍ਹਾਂ ਆਸਮਾਨ ਵਿੱਚ ਕਾਲੇ ਬੱਦਲ ਛਾਏ ਹਨ ਅਤੇ ਮੀਂਹ ਪੈ ਰਿਹਾ ਹੈ, ਇਹ ਸਾਡੀ ਸਾਲ ਭਰ ਦੀ ਮਿਹਨਤ ’ਤੇ ਪਾਣੀ ਫੇਰਨ ਵਰਗਾ ਹੈ। ਇਸ ਵੇਲੇ ਸਾਨੂੰ ਧੁੱਪ ਦੀ ਲੋੜ ਸੀ, ਪਰ ਕੁਦਰਤ ਨੇ ਖੇਡ ਵਿਗਾੜ ਦਿੱਤੀ ਹੈ।
ਕਿਸਾਨ ਸੁਖਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਜੇਕਰ ਮੀਂਹ ਦੇ ਨਾਲ ਗੜੇਮਾਰੀ ਜਾਂ ਤੇਜ਼ ਹਵਾਵਾਂ ਹੁੰਦੀਆਂ ਹਨ, ਤਾਂ ਕਣਕ ਜ਼ਮੀਨ ’ਤੇ ਲੇਟ ਜਾਵੇਗੀ। ਇਸ ਨਾਲ ਨਾ ਸਿਰਫ ਝਾੜ ਘਟੇਗਾ, ਸਗੋਂ ਕਟਾਈ ਵਿੱਚ ਵੀ ਭਾਰੀ ਮੁਸ਼ਕਲ ਆਵੇਗੀ।
ਕਿਸਾਨ ਜਸ਼ਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਬੇਮੌਸਮੀ ਮੀਂਹ ਨੇ ਸਾਰਾ ਹਿਸਾਬ-ਕਿਤਾਬ ਵਿਗਾੜ ਦਿੱਤਾ ਹੈ। ਸਰ੍ਹੋਂ ਦੀ ਫ਼ਸਲ ਜੋ ਮੰਡੀਆਂ ਵਿੱਚ ਜਾਣ ਲਈ ਤਿਆਰ ਸੀ, ਹੁਣ ਖੇਤਾਂ ਵਿੱਚ ਹੀ ਭਿੱਜ ਰਹੀ ਹੈ। ਕਿਸਾਨ ਯੁਵਰਾਜ ਸਿੰਘ, ਗੁਰਬੀਰ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਖਰਾਬ ਚੱਲ ਰਿਹਾ ਮੌਸਮ ਅੱਜ ਆਪਣੇ ਸਿਖਰ ’ਤੇ ਨਜ਼ਰ ਆ ਰਿਹਾ ਹੈ, ਜਿਸ ਨੇ ਅੰਨਦਾਤੇ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਡੂੰਘੀਆਂ ਕਰ ਦਿੱਤੀਆਂ ਹਨ। ਅੱਜ ਸਵੇਰ ਤੋਂ ਹੀ ਅਸਮਾਨ ਵਿੱਚ ਗਹਿਰੇ ਕਾਲੇ ਬੱਦਲਾਂ ਦੀ ਘੇਰਾਬੰਦੀ ਅਤੇ ਤੇਜ਼ ਹਵਾਵਾਂ ਦੇ ਨਾਲ ਹੋ ਰਹੀ ਲਗਾਤਾਰ ਬਾਰਿਸ਼ ਨੇ ਖੇਤਾਂ ਵਿੱਚ ਖੜ੍ਹੀ ਸੋਨੇ ਰੰਗੀ ਕਣਕ ਦੀ ਫ਼ਸਲ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ। ਡਾ ਕੁਲਵੰਤ ਸਿੰਘ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਮੁਤਾਬਿਕ ਅਜੇ ਤੱਕ ਫਸਲਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਜੇਕਰ ਬਾਰਿਸ਼ ਤੇਜ ਪੈਂਦੀ ਹੈ ਤਾਂ ਝਾੜ ਘਟਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।