ਯੂਨੀਵਰਸਿਟੀ ਨੇ ਰੈਂਕਿੰਗ ਸਬੰਧੀ ਫਾਰਮ ਜਮ੍ਹਾਂ ਕੀਤਾ
ਬਾਬਾ ਫ਼ਰੀਦ ਯੂਨੀਵਰਸਿਟੀ ਫਰੀਦਕੋਟ ਖੋਜ ਕਾਰਜਾਂ ਵਿੱਚ ਮੋਹਰੀ ਰਹਿਣ ਦੀ ਵਚਨਬੱਧਤਾ ਦੁਹਰਾਈ
Publish Date: Fri, 27 Feb 2026 03:43 PM (IST)
Updated Date: Sat, 28 Feb 2026 03:58 AM (IST)

ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਫ਼ਰੀਦਕੋਟ: ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫ਼ਰੀਦਕੋਟ ਨੇ ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ ਲਈ ‘ਓਵਰਆਲ ਕੈਟੇਗਰੀ’ (ਸਮੁੱਚੀ ਸ਼੍ਰੇਣੀ) ਅਧੀਨ ਆਪਣਾ ਅਰਜ਼ੀ ਫਾਰਮ ਸਫਲਤਾਪੂਰਵਕ ਜਮ੍ਹਾਂ ਕਰ ਦਿੱਤਾ ਹੈ। ਕੇਂਦਰੀ ਸਿੱਖਿਆ ਮੰਤਰਾਲੇ ਦੇ ਅਧੀਨ ਕੰਮ ਕਰਨ ਵਾਲਾ ਇੱਕ ਸਾਲਾਨਾ ਰਾਸ਼ਟਰੀ ਪ੍ਰਕਿਰਿਆ ਹੈ ਜੋ ਭਾਰਤ ਭਰ ਦੀਆਂ ਉੱਚ ਸਿੱਖਿਆ ਸੰਸਥਾਵਾਂ ਨੂੰ ਉਹਨਾਂ ਦੇ ਅਧਿਆਪਨ, ਸਿੱਖਣ ਦੇ ਸਰੋਤਾਂ, ਖੋਜ, ਗ੍ਰੈਜੂਏਸ਼ਨ ਨਤੀਜਿਆਂ, ਪਹੁੰਚ ਅਤੇ ਲੋਕਾਂ ਦੀ ਰਾਏ ਵਰਗੇ ਮਾਪਦੰਡਾਂ ਦੇ ਅਧਾਰ ਤੇ ਦਰਜਾਬੰਦੀ ਦਿੰਦੀ ਹੈ। ਇਹ ਪ੍ਰਕਿਰਿਆ ਅੱਜ ਯੂਨੀਵਰਸਿਟੀ ਦੇ ਮਾਨਯੋਗ ਵਾਈਸ ਚਾਂਸਲਰ ਪ੍ਰੋ. ਰਾਜੀਵ ਸੂਦ ਦੇ ਦਫ਼ਤਰ ਵਿਖੇ ਰਸਮੀ ਤੌਰ ਤੇ ਮੁਕੰਮਲ ਕੀਤੀ ਗਈ। ਇਸ ਅਹਿਮ ਮੌਕੇ ਤੇ ਵਾਈਸ ਚਾਂਸਲਰ ਨੇ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਮੌਜੂਦਗੀ ਵਿੱਚ ਫਾਈਨਲ ਸਬਮਿਸ਼ਨ ਬਟਨ ਦਬਾਇਆ। ਸ. ਸੇਖੋਂ ਨੇ ਇਸ ਪਲੇਟਫਾਰਮ ਤੇ ਸ਼ਮੂਲੀਅਤ ਕਰਦਿਆਂ ਯੂਨੀਵਰਸਿਟੀ ਦੇ ਅਕਾਦਮਿਕ ਅਤੇ ਖੋਜ ਕਾਰਜਾਂ ਲਈ ਆਪਣੇ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਪ੍ਰੋ. ਰਾਜੀਵ ਸੂਦ ਦੀ ਦੂਰਅੰਦੇਸ਼ੀ ਅਤੇ ਗਤੀਸ਼ੀਲ ਅਗਵਾਈ ਹੇਠ ਆਪਣੇ ਅਕਾਦਮਿਕ ਢਾਂਚੇ, ਖੋਜ ਕਾਰਜਾਂ ਅਤੇ ਸੰਸਥਾਗਤ ਭਰੋਸੇਯੋਗਤਾ ਨੂੰ ਮਜ਼ਬੂਤ ਕਰਨ ਵਿੱਚ ਸ਼ਾਨਦਾਰ ਪ੍ਰਗਤੀ ਕੀਤੀ ਹੈ। ਪ੍ਰਬੰਧਕੀ ਜ਼ਿੰਮੇਵਾਰੀਆਂ ਦੇ ਬਾਵਜੂਦ, ਵਾਈਸ ਚਾਂਸਲਰ ਨਿੱਜੀ ਤੌਰ ਤੇ ਯੂਨੀਵਰਸਿਟੀ ਅੰਦਰ ਖੋਜ ਸੱਭਿਆਚਾਰ ਨੂੰ ਉਤਸ਼ਾਹਿਤ ਕਰ ਰਹੇ ਹਨ। ਯੂਨੀਵਰਸਿਟੀ ਨੇ ਵੱਡੇ ਪ੍ਰਭਾਵ ਵਾਲੇ ਖੋਜ ਖੇਤਰਾਂ ਵਿੱਚ ਮਜ਼ਬੂਤ ਪਛਾਣ ਬਣਾਈ ਹੈ, ਜਿਸ ਵਿੱਚ ਵੱਕਾਰੀ ਸਹਿਯੋਗ ਅਤੇ ਵੱਖ-ਵੱਖ ਕਲੀਨਿਕਲ ਟ੍ਰਾਇਲ ਪ੍ਰੋਜੈਕਟ ਸ਼ਾਮਲ ਹਨ। ਮੌਜੂਦਾ ਸਮੇਂ ਵਿੱਚ ਯੂਨੀਵਰਸਿਟੀ ਵਿੱਚ 3 ਕਰੋੜ ਤੋਂ ਵੱਧ ਦੇ ਖੋਜ ਪ੍ਰੋਜੈਕਟ ਚੱਲ ਰਹੇ ਹਨ, ਜੋ ਸਿਹਤ ਵਿਗਿਆਨ ਖੋਜ ਵਿੱਚ ਇਸਦੇ ਵਧ ਰਹੇ ਕੱਦ ਨੂੰ ਦਰਸਾਉਂਦੇ ਹਨ। ਖੋਜ ਕਾਰਜਾਂ ਤੋਂ ਇਲਾਵਾ ਸਰਗਰਮੀ ਨਾਲ ਪੀ.ਐਚ.ਡੀ ਪ੍ਰੋਗਰਾਮ ਚਲਾ ਰਹੀ ਹੈ ਅਤੇ ਸਲਾਹਕਾਰੀ ਸੇਵਾਵਾਂ ਵੀ ਪ੍ਰਦਾਨ ਕਰ ਰਹੀ ਹੈ। ਵਰਤਮਾਨ ਵਿੱਚ ਅੱਠ ਸੰਸਥਾਵਾਂ ਦੇ ਕੁੱਲ 1,711 ਵਿਦਿਆਰਥੀ/ਉਮੀਦਵਾਰ ਸਲਾਹਕਾਰੀ ਅਤੇ ਅਕਾਦਮਿਕ ਸਹਿਯੋਗ ਲਈ ਯੂਨੀਵਰਸਿਟੀ ਨਾਲ ਜੁੜੇ ਹੋਏ ਹਨ, ਜੋ ਯੂਨੀਵਰਸਿਟੀ ਦੀ ਵਿਆਪਕ ਪਹੁੰਚ ਦਾ ਸਬੂਤ ਹੈ। ਇਸ ਪ੍ਰਕਿਰਿਆ ਨੂੰ ਆਨਲਾਈਨ ਮੁਕੰਮਲ ਕਰਨ ਵਿੱਚ ਰੈਂਕਿੰਗ ਅਤੇ ਐਕ੍ਰੀਡੇਟੇਸ਼ਨ ਕਮੇਟੀ ਦੇ ਮੈਂਬਰਾਂ, ਜਿਨ੍ਹਾਂ ਵਿੱਚ ਕਰਤਾਰ ਸਿੰਘ, ਡਾ. ਰਾਕੇਸ਼ ਚਾਵਲਾ ਅਤੇ ਪ੍ਰੋ. ਗਜੇਂਦਰ ਸਿੰਘ ਸ਼ਾਮਲ ਹਨ, ਨੇ ਅਹਿਮ ਭੂਮਿਕਾ ਨਿਭਾਈ। ‘ਓਵਰਆਲ ਕੈਟੇਗਰੀ’ ਅਧੀਨ 2026 ਲਈ ਅਪਲਾਈ ਕਰਨ ਦੀ ਰਾਸ਼ਟਰੀ ਮਾਨਤਾ ਅਤੇ ਵਿਸ਼ਵ ਪੱਧਰੀ ਮੁਕਾਬਲੇਬਾਜ਼ੀ ਵੱਲ ਇੱਕ ਹੋਰ ਮੀਲ ਪੱਥਰ ਹੈ। ਯੂਨੀਵਰਸਿਟੀ ਮੈਡੀਕਲ ਸਿੱਖਿਆ ਨੂੰ ਅੱਗੇ ਵਧਾਉਣ, ਅਤਿ-ਆਧੁਨਿਕ ਖੋਜਾਂ ਨੂੰ ਉਤਸ਼ਾਹਿਤ ਕਰਨ ਅਤੇ ਸਿਹਤ ਵਿਗਿਆਨ ਰਾਹੀਂ ਸਮਾਜ ਦੀ ਸੇਵਾ ਕਰਨ ਦੇ ਆਪਣੇ ਮਿਸ਼ਨ ਤੇ ਦ੍ਰਿੜ ਹੈ।