ਮਜੀਠੀਆ ਨੂੰ ਜ਼ਮਾਨਤ ਮਿਲਣ ਦਾ ਕੀਤਾ ਸਵਾਗਤ
ਮਜੀਠੀਆ ਨੂੰ ਜ਼ਮਾਨਤ ਮਿਲਣ ਨਾਲ ਸੱਚਾਈ ਦੀ ਜਿੱਤ ਹੋਈ : ਅਕਾਲੀ ਆਗੂ
Publish Date: Wed, 04 Feb 2026 06:04 PM (IST)
Updated Date: Thu, 05 Feb 2026 04:05 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਮਾਨਯੋਗ ਸੁਪਰੀਮ ਕੋਰਟ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦੇਣ ਨਾਲ ਜਿੱਥੇ ਸੱਚਾਈ ਦੀ ਜਿੱਤ ਹੋਈ ਹੈ ਉੱਥੇ ਪੰਜਾਬ ਦੀ ‘ਆਪ’ ਸਰਕਾਰ ਵੱੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਵੀ ਪ੍ਰਤੱਖ ਪ੍ਰਮਾਣ ਮਿਲਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦਿਹਾਤੀ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਜੱਥੇਦਾਰ ਸ਼ੇਰ ਸਿੰਘ ਮੰਡ, ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਹਲਕਾ ਜੈਤੋ ਦੇ ਇੰਚਰਾਜ ਸੂਬਾ ਸਿੰਘ ਬਾਦਲ, ਸੀਨੀਅਰ ਅਕਾਲੀ ਆਗੂ ਤੇ ਨਗਰ ਕੌਂਸਲ ਜੈਤੋ ਦੇ ਸਾਬਕਾ ਪ੍ਰਧਾਨ ਯਾਦਵਿੰਦਰ ਸਿੰਘ ਜ਼ੈਲਦਾਰ, ਦੀ ਗੰਗਸਰ ਜੈਤੋ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮ: ਜੈਤੋ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਅਕਾਲੀ ਆਗੂ ਪਰਗਟ ਸਿੰਘ ਬਰਾੜ ਡੋਡ, ਸੀਨੀਅਰ ਅਕਾਲੀ ਆਗੂ ਤਰਲੋਚਨ ਸਿੰਘ ਦੁੱਲਟ ਭਗਤੂਆਣ ਅਤੇ ਸੀਨੀਅਰ ਅਕਾਲੀ ਆਗੂ ਗੁਰਵਿੰਦਰ ਸਿੰਘ ਬਰਾੜ ਰੋੜੀਕਪੂਰਾ ਨੇ ਗੱਲਬਾਤ ਕਰਦਿਆਂ ਕੀਤਾ। ਅਕਾਲੀ ਆਗੂਆਂ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ ਨਾਲ ਅਕਾਲੀ ਆਗੂਆਂ ਤੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਵਿਚ ਵੀ ਨਵੀਂ ਫੂਕੀ ਗਈ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿਚ ਡੱਕਾ ਭੰਨ ਕੇ ਦੂਹਰਾ ਨਹੀਂ ਕੀਤਾ ਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਅਤੇ ਜਨਤਾ ਦਾ ਧਿਆਨ ਭਟਕਾਉਣ ਲਈ ਬਿਕਰਮ ਸਿੰਘ ਮਜੀਠੀਆ ਨੂੰ ਝੂਠੇ ਕੇਸਾਂ ਵਿਚ ਉਲਝਾ ਕੇ ਲੰਬਾ ਸਮਾਂ ਜੇਲ੍ਹ ਵਿਚ ਬੰਦ ਰੱਖਿਆ ਪਰ ‘ਆਪ’ ਸਰਕਾਰ ਦੀਆਂ ਅਜਿਹੀਆਂ ਕੋਝੀਆ ਚਾਲਾਂ ਤੋਂ ਲੋਕ ਭਲੀ ਭਾਂਤ ਜਾਣੂੰ ਹਨ ਅਤੇ ਹੁਣ ਲੋਕ ਆਮ ਆਦਮੀ ਪਾਰਟੀ ਦੀਆਂ ਚਾਲਾਂ ਵਿਚ ਨਹੀਂ ਫੱਸਣਗੇ। ਆਗੂਆਂ ਨੇ ਆਸ ਪ੍ਰਗਟ ਕੀਤੀ ਬਿਕਰਮ ਸਿੰਘ ਮਜੀਠੀਆ ਜੇਲ੍ਹ ਤੋਂ ਬਾਹਰ ਆ ਕੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਜੁੱਟ ਜਾਣਗੇ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ।