ਭਾਜਪਾ ਆਗੂਆਂ ਨੇ ਕੇਂਦਰ ਸਰਕਾਰ ਦੇ ਕਾਰਜਾਂ ਦੀ ਕੀਤੀ ਸ਼ਲਾਘਾ
ਟੋਨੀ ਸ਼ਰਮਾ ਅਤੇ ਜਸਪਾਲ ਪੰਜਗਰਾਈਂ ਵੱਲੋਂ ਕੇਂਦਰ ਸਰਕਾਰ ਦੀ ਸ਼ਲਾਘਾ
Publish Date: Thu, 12 Feb 2026 05:24 PM (IST)
Updated Date: Fri, 13 Feb 2026 04:06 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਾਰਜਕਾਰਨੀ ਮੈਂਬਰ ਤੇ ਮਨ ਕੀ ਬਾਤ ਪੰਜਾਬ ਦੇ ਸਹਿ ਸੰਯੋਜਕ ਸੰਦੀਪ ਕੁਮਾਰ ‘ਟੋਨੀ ਸ਼ਰਮਾ’ ਜੈਤੋ ਅਤੇ ਭਾਰਤੀ ਜਨਤਾ ਪਾਰਟੀ ਐੱਸ.ਸੀ. ਮੋਰਚਾ ਪੰਜਾਬ ਦੇ ਸਕੱਤਰ ਜਸਪਾਲ ਸਿੰਘ ਪੰਜਗਰਾਈਂ ਨੇ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਲੋਕਾਂ ਪੱਖੀ ਯੋਜਨਾਵਾਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪਿਛਲੇ 12 ਸਾਲਾਂ ਵਿਚ ਭਾਰਤ ਨੂੰ ਆਰਥਿਕ, ਸਮਾਜਿਕ ਅਤੇ ਰਾਸ਼ਟਰੀ ਪੱਖੋਂ ਇੱਕ ਮਜ਼ਬੂਤ ਦਿਸ਼ਾ ਵੱਲ ਲਜਾਇਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ‘ਸਭ ਕਾ ਸਾਥ ਸਭ ਕਾ ਵਿਕਾਸ, ਸਭ ਕਾ ਵਿਸ਼ਵਾਸ’ ਸਿਧਾਂਤ ’ਤੇ ਚੱਲਦਿਆਂ ਹਰ ਵਰਗ ਤੱਕ ਵਿਕਾਸ ਪਹੁੰਚਾਇਆ ਹੈ। ਭਾਜਪਾ ਆਗੂਆਂ ਨੇ ਆਮ ਲੋਕਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ‘ਉਜਵਲ ਯੋਜਨਾ’ ਰਾਹੀਂ ਲੱਖਾਂ ਗ਼ਰੀਬ ਮਹਿਲਾਵਾਂ ਨੂੰ ਮੁਫ਼ਤ ਗੈਸ ਕਨੈਕਸ਼ਨ ਮਿਲੇ ਹਨ। ‘ਆਯੁਸ਼ਮਾਨ ਭਾਰਤ ਯੋਜਨਾ’ ਦੇ ਤਹਿਤ ਕਰੋੜਾਂ ਲੋਕਾਂ ਨੂੰ 5-5 ਲੱਖ ਰੁਪਏ ਤੱਕ ਦੀ ਮੁਫ਼ਤ ਇਲਾਜ ਸਹੂਲਤ ਮਿਲੀ ਹੈ। ਉਨ੍ਹਾਂ ਕਿਹਾ ਕਿ ‘ਪ੍ਰਧਾਨ ਮੰਤਰੀ ਆਵਾਸ ਯੋਜਨਾ’ ਦੇ ਅਧੀਨ ਗਰੀਬਾਂ ਪਰਿਵਾਰਾਂ ਨੂੰ ਘਰ ਮਿਲ ਰਹੇ ਹਨ ਅਤੇ ‘ਸਵੱਛ ਭਾਰਤ ਅਭਿਆਨ’ ਰਾਹੀਂ ਦੇਸ਼ ਨੂੰ ਸਾਫ਼ ਤੇ ਸਵੱਸਥ ਬਣਾਇਆ ਗਿਆ ਹੈ। ਭਾਜਪਾ ਆਗੂਆਂ ਨੇ ਕਿਹਾ ਕਿ ਕਿਸਾਨਾਂ ਲਈ ‘ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ’ ਵਰਗੀ ਸਕੀਮ ਵਧੀਆ ਢੰਗ ਨਾਲ ਲਾਗੂ ਹੋ ਰਹੀ ਹੈ, ਜਿਸ ਤਹਿਤ ਕਿਸਾਨਾਂ ਨੂੰ ਸਿੱਧਾ ਖਾਤੇ ਵਿਚ ਸਾਲਾਨਾ 6 ਹਜ਼ਾਰ ਰੁਪਏ ਦੀ ਮਦਦ ਮਿਲ ਰਹੀ ਹੈ। ਨੌਜਵਾਨਾਂ ਲਈ ‘ਸਟਾਰਟਅਪ ਇੰਡੀਆ’, ‘ਮੁਦਰਾ ਯੋਜਨਾ’ ਅਤੇ ‘ਸਕਿਲ ਇੰਡੀਆ’ ਵਰਗੀਆਂ ਸਕੀਮਾਂ ਰਾਹੀਂ ਰੋਜ਼ਗਾਰ ਅਤੇ ਕੌਸ਼ਲ ਵਿਕਾਸ ਦੇ ਨਵੇਂ ਰਾਹ ਖੁੱਲੇ ਹਨ। ਜਦ ਕਿ ਦੇਸ਼ ਦੀ ਸੱਤਾ ਤੇ ਲੰਮਾ ਸਮਾਂ ਰਾਜ ਕਰਨ ਵਾਲੀ ਕਾਂਗਰਸ ਦੇਸ਼ ਦੇ ਲੋਕਾਂ ਲਈ ਅਜਿਹਾ ਕੁਝ ਨਹੀਂ ਕਰ ਸਕੀ। ਸੰਦੀਪ ਕੁਮਾਰ ‘ਟੋਨੀ ਸ਼ਰਮਾ’ ਅਤੇ ਜਸਪਾਲ ਸਿੰਘ ਪੰਜਗਰਾਈਂ ਨੇ ਕਿਹਾ ਕਿ ਅੱਜ ਭਾਰਤ ਦੀ ਗਿਣਤੀ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋ ਰਹੀ ਆਰਥਿਕਤਾ ਵਿਚ ਹੋ ਰਹੀ ਹੈ, ਜਿਸ ਦਾ ਸਾਰਾ ਸੇਹਰਾ ਮੋਦੀ ਸਰਕਾਰ ਦੀ ਨੀਤੀਆਂ ਨੂੰ ਜਾਂਦਾ ਹੈ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ ਦੀਆਂ ਲੋਕ-ਕਲਿਆਣਕਾਰੀ ਯੋਜਨਾਵਾਂ ਦਾ ਲਾਭ ਚੁੱਕਣ ਅਤੇ ਭਾਜਪਾ ਦੀ ਸੱਚੀ ਰਾਸ਼ਟਰ ਭਗਤੀ ਵਿਚ ਆਪਣਾ ਸਹਿਯੋਗ ਪਾਉਣ। ਇਸ ਮੌਕੇ ਭਾਜਪਾ ਆਗੂਆਂ ਨੇ ਦਾਅਵਾ ਕੀਤਾ ਕਿ ਉਹ ਦਿਨ ਦੂਰ ਨਹੀ ਜਦੋਂ ਸੂਬੇ ਦੇ ਲੋਕ ਉਤਸ਼ਾਹ ਨਾਲ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਾਕੇ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਭਾਜਪਾ ਦਾ ਸਾਥ ਦੇਣਗੇ।