- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਿਰ ਸ਼ੁਰੂ ਹੋਇਆ ਚਾਈਨਾ ਦੀ ਖ਼ੂਨ ਡੋਰ ਦਾ ਖੇਡ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੈਤੋ : ਸਰਕਾਰ ਨੇ 2012 ’ਚ ਘਾਤਕ ਪਲਾਸਟਿਕ ਦੀਆਂ ਡੋਰਾਂ ਦੀ ਵਿਕਰੀ ’ਤੇ ਪਾਬੰਦੀ ਲਗਾ ਦਿੱਤੀ ਸੀ। ਪਰ ਇਸ ਦਾ ਕਾਰੋਬਾਰ ਅੱਜ ਵੀ ਖੁੱਲ੍ਹੇਆਮ ਜਾਰੀ ਹੈ। ਹਰ ਸਾਲ ਪੁਲਿਸ ਪਲਾਸਟਿਕ ਦੀਆਂ ਡੋਰਾਂ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਵਿਰੁੱਧ ਦਰਜਨਾਂ ਐੱਫ਼ਆਈਆਰ ਦਰਜ ਕਰਦੀ ਹੈ ਤੇ ਵੱਡੀ ਗਿਣਤੀ ’ਚ ਜ਼ਬਤ ਵੀ ਕਰਦੀ ਹੈ। ਪਰ ਸਖ਼ਤ ਕਾਨੂੰਨ ਨਾ ਹੋਣ ਕਾਰਨ ਪਲਾਸਟਿਕ ਦੀ ਇਹ ਡੋਰ ਸ਼ਰੇਆਮ ਵਿਕ ਰਹੀ ਹੈ। ਇਸ ’ਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਡੋਰ ਨਾਲ ਪਤੰਗ ਉਡਾਉਣ ਦਾ ਕੰਮ ਖੁੱਲ੍ਹੇਆਮ ਕੀਤਾ ਜਾਂਦਾ ਹੈ। ਜੇਕਰ ਪੁਲਿਸ ਚਾਹੇ ਤਾਂ ਇਸ ਨੂੰ ਇੱਕ ਹੀ ਹੱਲੇੇ ’ਚ ਫੜ ਸਕਦੀ ਹੈ ਅਤੇ ਇਸ ਦੀ ਖ਼ਰੀਦ-ਵੇਚ ’ਤੇ ਵੀ ਪੂਰੀ ਤਰ੍ਹਾਂ ਪਾਬੰਦੀ ਲਗਾ ਸਕਦੀ ਹੈ। ਪਰ ਅਜਿਹਾ ਨਹੀਂ ਹੋ ਰਿਹਾ। ਇਸ ਅਪਰਾਧ ਦੀ ਸਜ਼ਾ ਸਖ਼ਤ ਨਹੀਂ ਹੈ। ਪਹਿਲਾਂ ਪਤੰਗਬਾਜ਼ੀ ਦੇ ਸ਼ੌਕੀਨ ਲੋਕ ਰਵਾਇਤੀ ਡੋਰਾਂ ਦੀ ਵਰਤੋਂ ਕਰਦੇ ਸਨ। ਪਰ ਜਦੋਂ ਤੋਂ ਪਲਾਸਟਿਕ ਦੀ ਡੋਰ ਦਾ ਰੁਝਾਨ ਸ਼ੁਰੂ ਹੋਇਆ ਹੈ, ਰਵਾਇਤੀ ਡੋਰ ਦਾ ਰੁਝਾਨ ਖ਼ਤਮ ਹੋ ਗਿਆ ਹੈ। ਨਤੀਜਾ ਇਹ ਹੈ ਕਿ ਮਨੁੱਖ ਹੀ ਨਹੀਂ ਸਗੋਂ ਬੇਜ਼ੁਬਾਨ ਪਸ਼ੂ-ਪੰਛੀ ਵੀ ਇਸ ਦਾ ਖਮਿਆਜ਼ਾ ਭੁਗਤ ਰਹੇ ਹਨ। ਹਰ ਸਾਲ ਸੈਂਕੜੇ ਲੋਕ ਇਸ ਕਾਰਨ ਜ਼ਖਮੀ ਹੋ ਰਹੇ ਹਨ ਅਤੇ ਹਜ਼ਾਰਾਂ ਬੇਜ਼ੁਬਾਨਾਂ ਦੀ ਵੀ ਬਲੀ ਚੜ੍ਹ ਰਹੀ ਹੈ। ਅਜਿਹੇ ਹਾਲਾਤ ’ਚ ਇਸ ਨੂੰ ਰੋਕਣਾ ਜ਼ਰੂਰੀ ਹੈ। ਪੰਜਾਬ ’ਚ ਲੋਹੜੀ, ਬਸੰਤ ਪੰਚਮੀ ਤੇ ਫਿਰ ਹੋਲੀ ’ਤੇ ਵੱਡੀ ਗਿਣਤੀ ’ਚ ਲੋਕ ਪਤੰਗ ਉਡਾਉਂਦੇ ਹਨ। ਭਾਵੇਂ ਪੁਲਿਸ ਵੀ ਇਨ੍ਹਾਂ ਤਿਉਹਾਰਾਂ ਤੋਂ ਪਹਿਲਾਂ ਸਰਗਰਮ ਹੋ ਜਾਂਦੀ ਹੈ ਪਰ ਇਸ ਦੇ ਕਾਰੋਬਾਰੀ ਲੁਕਛਿਪ ਕੇ ਆਪਣਾ ਕਾਰੋਬਾਰ ਕਰ ਰਹੇ ਹਨ। ਦੁਕਾਨਦਾਰ ਭਲੀਭਾਂਤ ਜਾਣਦੇ ਹਨ ਕਿ ਇਹ ਜਾਨਲੇਵਾ ਡੋਰ ਕਿੰਨੀ ਖ਼ਤਰਨਾਕ ਹੈ। ਉਨ੍ਹਾਂ ਨੂੰ ਕੋਈ ਹੱਕ ਨਹੀਂ ਕਿ ਉਹ ਕੁਝ ਰੁਪਏ ਦੇ ਲਾਲਚ ’ਚ ਫਸ ਕੇ ਕਿਸੇ ਦੀ ਕੀਮਤੀ ਜਾਨ ਨੂੰ ਦਾਅ ’ਤੇ ਲਾਉਣ। ਉਨ੍ਹਾਂ ਨੂੰ ਇਹ ਡੋਰ ਨਹੀਂ ਵੇਚਣੀ ਚਾਹੀਦਾ। ਕਈ ਲੋਕ ਜ਼ਖ਼ਮੀ ਹੋਏ ਹਨ ਤੇ ਕਈ ਪਸ਼ੂ-ਪੰਛੀ ਆਪਣੀ ਜਾਨ ਗੁਆ ਚੁੱਕੇ ਹਨ। ਇਨ੍ਹਾਂ ਨੂੰ ਸੋਚਣਾ ਚਾਹੀਦਾ ਹੈ ਕਿ ਸੜਕ ਤੋਂ ਲੰਘਣ ਵੇਲੇ ਇਹ ਡੋਰ ਉਨ੍ਹਾਂ ਦੇ ਗਲ ’ਚ ਵੀ ਫਿਰ ਸਕਦੀ ਹੈ।