ਫ਼ਿਰਦੌਸ ਰੰਗਮੰਚ ਫਰੀਦਕੋਟ ਵੱਲੋਂ ਕਰਵਾਈ 12 ਰੋਜ਼ਾ ਥੀਏਟਰ ਵਰਕਸ਼ਾਪ ਸਮਾਪਤ
ਫ਼ਿਰਦੌਸ ਰੰਗਮੰਚ ਫਰੀਦਕੋਟ ਵੱਲੋਂ ਕਰਵਾਈ ਗਈ 12 ਰੋਜ਼ਾ ਥੀਏਟਰ ਵਰਕਸ਼ਾਪ ਅਮਿੱਟ ਯਾਦਾਂ ਛੱਡ ਗਈ
Publish Date: Wed, 07 Jan 2026 03:13 PM (IST)
Updated Date: Thu, 08 Jan 2026 04:00 AM (IST)

ਫ਼ੋਟੋ: ਫ਼ਿਰਦੌਸ ਰੰਗਮੰਚ ਵੱਲੋਂ ਕਰਵਾਈ ਥੀਏਟਰ ਵਰਕਸ਼ਾਪ ਦਾ ਇੱਕ ਦ੍ਰਿਸ਼। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਰੀਦਕੋਟ : ਫ਼ਰੀਦਕੋਟ ਜ਼ਿਲ੍ਹੇ ਅੰਦਰ ਰੰਗਮੰਚ ਦੇ ਖੇਤਰ ’ਚ ਨਿਰੰਤਰ ਸ਼ਾਨਦਾਰ ਕੰਮ ਕਰਨ ਵਾਲੀ ਪੰਜਾਬ ਦੀ ਨਾਮਵਰ ਸੰਸਥਾ ‘ਫਿਰਦੌਸ ਰੰਗਮੰਚ ਫਰੀਦਕੋਟ’ ਵੱਲੋਂ 12 ਰੋਜ਼ਾ ਥੀਏਟਰ ਵਰਕਸ਼ਾਪ ਫਰੀਦਕੋਟ ਸੋਨੂੰ ਭੰਗੜਾ ਤੇ ਡਾਂਸ ਅਕੈਡਮੀ ਵਿਖੇ ਕਰਵਾਈ ਗਈ। ਇਸ ਵਰਕਸਾਪ ’ਚ ਮੰਚ ਦੇ ਡਾਇਰੈਕਟਰ ਰਜਿੰਦਰ ਬੁੱਲਟ ਵੱਲੋਂ ਥੀਏਟਰ ਐਕਟਿੰਗ, ਨਿਰਦੇਸ਼ਨ ਅਤੇ ਰੰਗਮੰਚ ਪੇਸਕਾਰੀਆਂ ਦੇ ਸਬੰਧ ’ਚ ਵਿਦਿਆਰਥੀਆਂ ਨੂੰ ਰੋਜ਼ ਦੋ ਘੰਟੇ ਕਲਾਸਾਂ ਲਗਾ ਕੇ ਕਲਾ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਇਆ। ਇਸ ਵਰਕਸ਼ਾਪ ’ਚ ਲਖਵਿੰਦਰ ਸਿੰਘ, ਤਨੂ, ਪਵਨ ਸ਼ਰਮਾ (ਬਠਿੰਡਾ), ਅਕਸ਼ਿਤ ਸ਼ਰਮਾ, ਗੈਵੀ, ਗੁਰਸਰਨ ਸਿੰਘ, ਫ਼ਤਹਿਦੀਪ ਸਿੰਘ, ਰਿਧੀਮਾ ਜੈਨ ਕਲਾਕਾਰਾਂ ਨੇ ਹਿੱਸਾ ਲਿਆ। ਇਸ ਵਰਕਸਾਪ ਦੀ ਸਮਾਪਤੀ ਦੌਰਾਨ ਬੱਚਿਆਂ ਨੂੰ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਸੁੱਭਕਾਮਨਾਵਾਂ ਦਿੱਤੀਆਂ। ਮੰਚ ਡਾਇਰੈਕਟਰ ਰਜਿੰਦਰ ਬੁੱਲਟ ਵੱਲੋਂ ਉਨ੍ਹਾਂ ਨੂੰ ਨਿਰੰਤਰ ਰੰਗਮੰਚ ਨਾਲ ਜੁੜੇ ਰਹਿ ਕੇ ਸਮਾਜਿਕ ਚੇਤਨਾ ਦਾ ਕਾਰਜ ਕਰਦੇ ਰਹਿਣ ਲਈ ਵੀ ਪ੍ਰੇਰਿਤ ਕੀਤਾ ਗਿਆ ਅਤੇ ਅੱਗੇ ਤੋਂ ਫਰੀਦਕੋਟ ਸ਼ਹਿਰ ਜਾਂ ਆਸਪਾਸ ਹੁੰਦੀਆਂ ਰੰਗਮੰਚ ਗਤੀਵਿਧੀਆਂ ਨੂੰ ਦੇਖਣ ਅਤੇ ਉਨ੍ਹਾਂ ’ਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਆਰਟ ਨਾਲ ਲੋਕਾਂ ਨੂੰ ਸਮਾਜਿਕ ਕੁਰੀਤੀਆਂ ਦੇ ਖਿਲਾਫ਼ ਚੇਤਨਾ ਪੈੱਦਾ ਕਰਨ ਵਾਸਤੇ ਵੀ ਵਿਸਥਾਰ ਸਮਝਾਇਆ। ਉਨ੍ਹਾਂ ਕਿਹਾ ਚੰਗੇ ਅਦਾਕਾਰ ਦਾ ਹਮੇਸ਼ਾ ਫ਼ਰਜ਼ ਬਣਦਾ ਹੈ ਕਿ ਉਹ ਚੰਗੇ ਨਰੋਏ ਸਮਾਜ ਦੀ ਸਿਰਜਣਾ ’ਚ ਮੋਹਰੀ ਰਹਿ ਕੇ ਭੂਮਿਕਾ ਅਦਾ ਕਰੇ। ਇਸ ਵਰਕਸ਼ਾਪ ’ਚ ਸ਼ਾਮਲ ਵਿਦਿਆਰਥੀਆਂ ਨੇ ਨਾਟ-ਕਲਾ ਬਾਰੇ ਅਮਲੀ ਗਿਆਨ ਪ੍ਰਾਪਤ ਕਰਕੇ ਖੁਸ਼ੀ ਪ੍ਰਾਪਤ ਕੀਤੀ।