ਫਰੀਦਕੋਟ-ਫਿਰੋਜ਼ਪੁਰ ਰੋਡ 'ਤੇ ਕਹਿਰ: ਭਿਆਨਕ ਸੜਕ ਹਾਦਸੇ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, ਪਿਤਾ ਤੇ ਦੋ ਮਾਸੂਮ ਬੱਚਿਆਂ ਦੀ ਦਰਦਨਾਕ ਮੌਤ
ਫਰੀਦਕੋਟ ਤੋਂ ਇੱਕ ਬੇਹੱਦ ਦਰਦਨਾਕ ਖ਼ਬਰ ਸਾਹਮਣੇ ਆਈ ਹੈ, ਜਿੱਥੇ ਫਰੀਦਕੋਟ-ਫਿਰੋਜ਼ਪੁਰ ਰੋਡ ਸਥਿਤ ਨਾਨਕਸਰ ਬਸਤੀ ਦੇ ਕੋਲ ਇੱਕ ਤੇਜ਼ ਰਫ਼ਤਾਰ ਕਾਰ ਅਤੇ ਬਾਈਕ ਵਿਚਕਾਰ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿੱਚ ਬਾਈਕ ਸਵਾਰ ਇੱਕੋਂ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ।
Publish Date: Thu, 11 Jun 2026 03:20 PM (IST)
Updated Date: Thu, 11 Jun 2026 03:26 PM (IST)

ਵਿਕਾਸ ਕੁਮਾਰ ਗਰਗ, ਪੰਜਾਬੀ ਜਾਗਰਣ, ਫਰੀਦਕੋਟ। ਫਰੀਦਕੋਟ ਤੋਂ ਇੱਕ ਬੇਹੱਦ ਦਰਦਨਾਕ ਖ਼ਬਰ ਸਾਹਮਣੇ ਆਈ ਹੈ, ਜਿੱਥੇ ਫਰੀਦਕੋਟ-ਫਿਰੋਜ਼ਪੁਰ ਰੋਡ ਸਥਿਤ ਨਾਨਕਸਰ ਬਸਤੀ ਦੇ ਕੋਲ ਇੱਕ ਤੇਜ਼ ਰਫ਼ਤਾਰ ਕਾਰ ਅਤੇ ਬਾਈਕ ਵਿਚਕਾਰ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿੱਚ ਬਾਈਕ ਸਵਾਰ ਇੱਕੋਂ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ, ਬੀੜ ਚਹਿਲ ਦੇ ਰਹਿਣ ਵਾਲੇ ਬਲਕਾਰ ਸਿੰਘ (ਪੁੱਤਰ ਮੇਜਰ ਸਿੰਘ) ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਮੱਲਾ ਵਾਲਾ ਤੋਂ ਦਵਾਈ ਲੈ ਕੇ ਮੋਟਰਸਾਈਕਲ ’ਤੇ ਵਾਪਸ ਆਪਣੇ ਘਰ ਪਰਤ ਰਹੇ ਸਨ ਕਿ ਰਸਤੇ ਵਿੱਚ ਇਹ ਭਾਣਾ ਵਰਤ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬਲਕਾਰ ਸਿੰਘ ਅਤੇ ਉਨ੍ਹਾਂ ਦੇ ਇੱਕ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਜਦਕਿ ਬਲਕਾਰ ਸਿੰਘ ਦੀ ਪਤਨੀ ਅਤੇ ਦੂਜੇ ਬੱਚੇ ਨੂੰ ਗੰਭੀਰ ਹਾਲਤ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਰੈਫਰ ਕੀਤਾ ਗਿਆ ਹੈ ਅਤੇ ਇਸ ਹਾਦਸੇ ਵਿੱਚ ਬਲਕਾਰ ਸਿੰਘ ਦੀ ਪਤਨੀ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ।
ਉੱਥੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਕਾਰ ਦੀ ਰਫ਼ਤਾਰ ਬਹੁਤ ਜ਼ਿਆਦਾ ਤੇਜ਼ ਸੀ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਅਤੇ ਹਾਦਸੇ ਤੋਂ ਤੁਰੰਤ ਬਾਅਦ ਕਾਰ ਸਵਾਰ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਇਹ ਗੱਡੀ ਪਿੰਡ ਹਸਨ ਭੱਟੀ ਦੀ ਹੈ ਅਤੇ ਤਲਾਸ਼ੀ ਦੌਰਾਨ ਗੱਡੀ ਦੇ ਅੰਦਰੋਂ 8-10 ਸੋਟੀਆਂ ਅਤੇ ਬੇਸਬਾਲ ਦੇ ਡੰਡੇ ਬਰਾਮਦ ਹੋਏ ਹਨ।
ਪੁਲਿਸ ਦਾ ਖ਼ਦਸ਼ਾ ਹੈ ਕਿ ਕਾਰ ਸਵਾਰ ਕਿਤੋਂ ਲੜਾਈ-ਝਗੜਾ ਕਰਕੇ ਬਹੁਤ ਤੇਜ਼ ਰਫ਼ਤਾਰ ਵਿੱਚ ਭੱਜ ਰਹੇ ਸਨ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਫ਼ਰਾਰ ਕਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।