ਅਧਿਆਪਕਾਂ ’ਤੇ ਟੀਈਟੀ ਦੀ ਸ਼ਰਤ ਲਾਉਣ ਦੇ ਵਿਰੋਧ ’ਚ ਪ੍ਰਦਰਸ਼ਨ
ਸਿੱਖਿਆ ਮੰਤਰੀ ਵੱਲੋਂ ਮੀਟਿੰਗ ਦੇ ਕੇ ਮੁਕਰਨ ਖਿਲਾਫ ਅਧਿਆਪਕਾਂ ਵਿੱਚ ਰੋਸ
Publish Date: Mon, 02 Mar 2026 05:08 PM (IST)
Updated Date: Tue, 03 Mar 2026 04:03 AM (IST)

ਡੀਟੀਐੱਫ ਆਗੂਆਂ ਨੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੂੰ ਸੌਂਪਿਆ ਪੱਤਰ ਹਰਪ੍ਰੀਤ ਸਿੰਘ ਚਾਨਾ, ਪੰਜਾਬੀ ਜਾਗਰਣ, ਫਰੀਦਕੋਟ : ਲੰਬੇ ਸਮੇਂ ਤੋਂ ਸਰਕਾਰੀ ਸੇਵਾਵਾਂ ਨਿਭਾ ਰਹੇ ਪੱਕੇ ਅਧਿਆਪਕਾਂ ਉੱਪਰ ਟੀ.ਈ.ਟੀ. ਦੀ ਬੇਲੋੜੀ ਸ਼ਰਤ ਜ਼ਬਰੀ ਥੋਪਣ ਖ਼ਿਲਾਫ਼ ਫਰੀਦਕੋਟ ਜ਼ਿਲ੍ਹੇ ਵਿੱਚ ਅਧਿਆਪਕਾਂ ਨੇ ਵਿਧਾਇਕਾਂ ਦੇ ਘਰਾਂ ਅੱਗੇ ਇਕੱਠੇ ਹੋ ਕੇ ਰੋਸ ਮੁਜ਼ਾਹਰੇ ਕੀਤੇ। ਡੀ.ਟੀ.ਐੱਫ ਫਰੀਦਕੋਟ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਅਤੇ ਜਨਰਲ ਸਕੱਤਰ ਗਗਨ ਪਾਹਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 22 ਫਰਵਰੀ ਦੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸੂਬਾ ਪੱਧਰੀ ਮਹਾਂ ਰੈਲੀ ਦੇ ਦਬਾਅ ਸਦਕਾ ਜਥੇਬੰਦੀਆਂ ਨੂੰ ਮਿਲੀ ਮੀਟਿੰਗ ਤੋਂ ਸਿੱਖਿਆ ਮੰਤਰੀ ਦੇ ਮੁੱਕਰ ਜਾਣ ਕਾਰਨ ਸੂਬੇ ਦੇ ਹਜ਼ਾਰਾਂ ਅਧਿਆਪਕਾਂ ਅੰਦਰ ਗੁੱਸੇ ਦੀ ਲਹਿਰ ਹੈ। ਉਨ੍ਹਾਂ ਆਪਣੇ ਰੋਸ ਦੇ ਪ੍ਰਗਟਾਵੇ ਲਈ ਫਰੀਦਕੋਟ ਦੇ ਤਿੰਨਾਂ ਹਲਕਾ ਵਿਧਾਇਕਾਂ ਕੁਲਤਾਰ ਸਿੰਘ ਸੰਧਵਾਂ, ਗੁਰਦਿੱਤ ਸਿੰਘ ਸੇਖੋਂ ਅਤੇ ਅਮੋਲਕ ਸਿੰਘ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਅਧਿਆਪਕਾਂ ਦੇ ਭਰਵੇਂ ਮੁਜ਼ਾਹਰੇ ਵਿੱਚ ਇਕੱਠ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਸਰਕਾਰ ਦੀਆਂ ਸ਼ਰਤਾਂ ਅਤੇ ਨਿਯਮ ਪੂਰੇ ਕਰ ਕੇ ਭਰਤੀ ਹੋਏ ਅਤੇ 20-20 ਸਾਲ ਤੋਂ ਨੌਕਰੀ ਕਰ ਰਹੇ ਅਧਿਆਪਕਾਂ ਉੱਪਰ ਸੁਪਰੀਮ ਕੋਰਟ ਦਾ ਗ਼ੈਰ ਕੁਦਰਤੀ ਫ਼ੈਸਲਾ ਲਾਗੂ ਕਰ ਦੇਣਾ ਪੰਜਾਬ ਸਰਕਾਰੀ ਦੀ ਮੱਕਾਰੀ ਨੂੰ ਦਰਸਾਉਂਦਾ ਹੈ। ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਇਸ ਰੋਸ ਭਰਪੂਰ ਮੁਜ਼ਾਹਰਾ ਕਰਨ ਤੋਂ ਬਾਅਦ ਵਿਧਾਇਕਾਂ ਨੂੰ ਮੰਗ ਪੱਤਰ ਦਿੱਤਾ। ਜੱਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਹਰਜਸਦੀਪ ਸਿੰਘ ਅਤੇ ਬਲਾਕ ਪ੍ਰਧਾਨ ਕੋਟਕਪੂਰਾ ਅਜਾਇਬ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਭਰਤੀ ਕੀਤੇ ਅਧਿਆਪਕਾਂ ਦੀਆਂ ਨੌਕਰੀਆਂ ਬਚਾਉਣ ਦੀ ਥਾਂ ਉਹਨਾਂ ਨੂੰ ਨੌਕਰੀਆਂ ਤੋਂ ਕੱਢਣ ਦੀ ਕਾਹਲੀ ਵਿੱਚ ਹੈ ਜੋ ਕਿ ਅਧਿਆਪਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਆਗੂਆਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਇਸ ਗ਼ੈਰ ਕੁਦਰਤੀ ਫੈਸਲੇ ਨਾਲ ਦੇਸ਼ ਭਰ ਦੇ 25 ਲੱਖ ਸਰਕਾਰੀ ਅਧਿਆਪਕ ਪ੍ਰਭਾਵਿਤ ਹੋ ਰਹੇ ਹਨ। ਉਹਨਾਂ ਕਿਹਾ ਕਿ ਅਧਿਆਪਕ ਕਿਸਾਨ ਅੰਦੋਲਨ ਦੀ ਪ੍ਰੇਰਨਾ ਲੈ ਕੇ ਇਸ ਮਸਲੇ ਤੇ ਦੇਸ਼ ਪੱਧਰੀ ਸੰਘਰਸ਼ ਲੜਨ ਦੀ ਤਿਆਰੀ ਵਿੱਚ ਹਨ। ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਰੰਧਾਵਾ, ਬਲਾਕ ਪ੍ਰਧਾਨ ਜੈਤੋ ਕੁਲਵਿੰਦਰ ਸਿੰਘ ਬਰਾੜ ਅਤੇ ਕਰਨਵੀਰ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਫੈਸਲੇ ਨੂੰ ਲਾਗੂ ਕਰਨ ਵਿੱਚ ਕੀਤੀ ਜਾ ਰਹੀ ਕਾਹਲੀ ਇਹ ਦਰਸਾਉਂਦੀ ਹੈ ਕਿ ਸਰਕਾਰ ਅਧਿਆਪਕ ਨੂੰ ਇਸ ਬੇਲੋੜੇ ਮੁੱਦੇ ਵਿੱਚ ਉਲਝਾ ਕੇ ਪੁਰਾਣੀ ਪੈਨਸ਼ਨ ਲਾਗੂ ਨਾ ਕਰਨ, ਕੱਚੇ ਅਧਿਆਪਕਾਂ, ਕੰਪਿਊਟਰ ਅਧਿਆਪਕਾਂ, ਐੱਨ.ਐੱਸ.ਕਿਉ.ਐੱਫ ਅਧਿਆਪਕਾਂ ਅਤੇ ਮੈਰੀਟੋਰੀਅਸ ਅਧਿਆਪਕਾਂ ਨੂੰ ਪੱਕੇ ਕਰਨ, 16% ਡੀ.ਏ. ਨਾ ਦੇਣ, ਪੰਜਾਬ ਦੇ ਪੁਰਾਣੇ ਸਕੇਲ ਲਾਗੂ ਨਾ ਕਰਨ, ਪੇਂਡੂ ਭੱਤਿਆਂ ਸਮੇਤ 37 ਤਰਾਂ ਦੇ ਭੱਤੇ ਬਹਾਲ ਨਾ ਕਰਨ ਤੋਂ ਭੱਜ ਰਹੀ ਹੈ। ਆਗੂ ਗੁਰਮੀਤ ਸਿੰਘ ਲੈਕਚਰਾਰ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ 2017 ਦਾ ਟੀ.ਈ.ਟੀ. ਤੋਂ ਛੋਟ ਵਾਲਾ ਪੱਤਰ ਬਹਾਲ ਕਰੇ, ਸੁਪਰੀਮ ਕੋਰਟ ਵਿੱਚ ਤੁਰੰਤ ਰਿਵਿਉ ਪਟੀਸ਼ਨ ਦਾਖਿਲ ਕਰੇ,08 ਮਾਰਚ ਅਤੇ 15 ਮਾਰਚ ਨੂੰ ਹੋਣ ਵਾਲੇ ਟੀ.ਈ.ਟੀ. ਵਿੱਚੋ ਨੌਕਰੀ ਕਰ ਰਹੇ ਅਧਿਆਪਕਾਂ ਨੀ ਛੋਟ ਦੇਵੇ ਅਤੇ ਸਾਰੇ ਕਾਡਰਾਂ ਦੀਆਂ ਪੈਂਡਿੰਗ ਪਈਆਂ ਤਰੱਕੀਆਂ ਤੁਰੰਤ ਕਰੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿੱਤ ਸਕੱਤਰ ਪ੍ਰਦੀਪ ਸਿੰਘ, ਕੁਲਦੀਪ ਸਿੰਘ ਘਣੀਆ, ਅਮਨਦੀਪ ਸਿੰਘ ਜੱਸਲ, ਨਵਪ੍ਰੀਤ ਸਿੰਘ ਬਰਾੜ, ਗੁਰਸੇਵਕ ਸਿੰਘ, ਰੁਪਿੰਦਰ ਵਰਮਾ, ਅਰਸ਼ਦੀਪ ਸਿੰਘ, ਪ੍ਰਵੀਨ ਕੁਮਾਰ, ਦੀਪਕ ਕੁਮਾਰ, ਭੂਸ਼ਣ ਜਿੰਦਲ, ਰੁਪਿੰਦਰ ਵਰਮਾ, ਹਰਜੀਤ ਸਿੰਘ, ਵਿਜੇ ਦੇਵਗਣ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ ਔਲਖ, ਰਾਮਦਾਸ ਸਿੰਘ, ਸਵਰਨਪਾਲ ਸਿੰਘ, ਦਿਲਬਾਗ ਸਿੰਘ ਬਰਾੜ ਅਤੇ ਹੋਰ ਬਹੁਤ ਸਾਰੇ ਅਧਿਆਪਕ ਹਾਜ਼ਰ ਸਨ।