- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
*ਸਿੱਖਿਆ ਮੰਤਰੀ ਵੱਲੋਂ ਮੀਟਿੰਗ ਦੇ ਕੇ ਮੁਕਰਨ ਖ਼ਿਲਾਫ਼ ਅਧਿਆਪਕਾਂ ਵਿੱਚ ਰੋਸ*

ਭੋਲਾ ਸ਼ਰਮਾ, ਪੰਜਾਬੀ ਜਾਗਰਣ,
ਜੈਤੋ : ਪਿਛਲੇ ਲੰਬੇ ਸਮੇਂ ਤੋਂ ਸਰਕਾਰੀ ਸੇਵਾਵਾਂ ਨਿਭਾ ਰਹੇ ਪੱਕੇ ਅਧਿਆਪਕਾਂ ਉੱਪਰ ਟੀ.ਈ.ਟੀ. ਦੀ ਬੇਲੋੜੀ ਸ਼ਰਤ ਜ਼ਬਰੀ ਥੋਪਣ ਖ਼ਿਲਾਫ਼ ਫ਼ਰੀਦਕੋਟ ਜ਼ਿਲੇ੍ਹ ਵਿੱਚ ਅਧਿਆਪਕਾਂ ਨੇ ਵਿਧਾਇਕਾਂ ਦੇ ਘਰਾਂ ਅੱਗੇ ਇਕੱਠੇ ਹੋ ਕੇ ਰੋਸ ਮੁਜ਼ਾਹਰੇ ਕੀਤੇ। ਇਸ ਮੌਕੇ ਡੀ.ਟੀ.ਐੱਫ਼ ਜੈਤੋ ਦੇ ਪ੍ਰਧਾਨ ਕੁਲਵਿੰਦਰ ਸਿੰਘ ਬਰਾੜ ਅਤੇ ਹੋਰ ਆਗੂਆਂ ਨੇ ਦੱਸਿਆ ਕਿ 22 ਫ਼ਰਵਰੀ ਦੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੂਬਾ ਪੱਧਰੀ ਮਹਾਂ ਰੈਲੀ ਦੇ ਦਬਾਅ ਸਦਕਾ ਜਥੇਬੰਦੀਆਂ ਨੂੰ ਮਿਲੀ ਮੀਟਿੰਗ ਤੋਂ ਸਿੱਖਿਆ ਮੰਤਰੀ ਦੇ ਮੁਕਰ ਜਾਣ ਕਾਰਨ ਸੂਬੇ ਦੇ ਹਜ਼ਾਰਾਂ ਅਧਿਆਪਕਾਂ ਅੰਦਰ ਗੁੱਸੇ ਦੀ ਲਹਿਰ ਹੈ। ਉਨ੍ਹਾਂ ਆਪਣੇ ਰੋਹ ਦੇ ਪ੍ਰਗਟਾਵੇ ਲਈ ਜ਼ਿਲ੍ਹਾ ਫ਼ਰੀਦਕੋਟ ਦੇ ਤਿੰਨਾਂ ਹਲਕਾ ਵਿਧਾਇਕਾਂ ਕੁਲਤਾਰ ਸਿੰਘ ਸੰਧਵਾਂ ਕੋਟਕਪੂਰਾ, ਗੁਰਦਿੱਤ ਸਿੰਘ ਸੇਖੋਂ ਫ਼ਰੀਦਕੋਟ ਅਤੇ ਇੰਜੀਨੀਅਰ ਅਮੋਲਕ ਸਿੰਘ ਜੈਤੋ ਦੇ ਘਰ ਅੱਗੇ ਰੋਸ ਦਾ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਦਿੱਤਾ ਗਿਆ ਸੀ।
ਇਸੇ ਪ੍ਰੋਗਰਾਮ ਤਹਿਤ ਕੁਲਵਿੰਦਰ ਸਿੰਘ ਬਰਾੜ ਬਲਾਕ ਪ੍ਰਧਾਨ ਦੀ ਅਗਵਾਈ ਵਿੱਚ ਅਧਿਆਪਕਾਂ ਦੇ ਭਰਵੇਂ ਇਕੱਠ ਨਾਲ ਜੈਤੋ ਵਿਖੇ ਹਲਕਾ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਸਮੇਂ ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੀਆਂ ਸ਼ਰਤਾਂ ਅਤੇ ਨਿਯਮ ਪੂਰੇ ਕਰ ਕੇ ਭਰਤੀ ਹੋਏ ਅਤੇ 20-20 ਸਾਲ ਤੋਂ ਨੌਕਰੀ ਕਰ ਰਹੇ ਅਧਿਆਪਕਾਂ ਉੱਪਰ ਸੁਪਰੀਮ ਕੋਰਟ ਦਾ ਗ਼ੈਰ ਕੁਦਰਤੀ ਫ਼ੈਸਲਾ ਲਾਗੂ ਕਰ ਦੇਣਾ ਪੰਜਾਬ ਸਰਕਾਰ ਦੀ ਮੱਕਾਰੀ ਨੂੰ ਦਰਸਾਉਂਦਾ ਹੈ। ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਇਸ ਰੋਹ ਭਰਪੂਰ ਮੁਜ਼ਾਹਰਾ ਕਰਨ ਤੋਂ ਬਾਅਦ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੂੰ ਮੰਗ ਪੱਤਰ ਦਿੱਤਾ। ਅਧਿਆਪਕ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਭਰਤੀ ਕੀਤੇ ਅਧਿਆਪਕਾਂ ਦੀਆਂ ਨੌਕਰੀਆਂ ਬਚਾਉਣ ਦੀ ਥਾਂ ਉਹਨਾਂ ਨੂੰ ਨੌਕਰੀਆਂ ਤੋਂ ਕੱਢਣ ਦੀ ਕਾਹਲੀ ਵਿੱਚ ਹੈ ਜੋ ਕਿ ਅਧਿਆਪਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਆਗੂਆਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਇਸ ਗ਼ੈਰ ਕੁਦਰਤੀ ਫ਼ੈਸਲੇ ਨਾਲ ਦੇਸ਼ ਭਰ ਦੇ 25 ਲੱਖ ਸਰਕਾਰੀ ਅਧਿਆਪਕ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕ ਕਿਸਾਨ ਅੰਦੋਲਨ ਦੀ ਪ੍ਰੇਰਨਾ ਲੈ ਕੇ ਇਸ ਮਸਲੇ ’ਤੇ ਦੇਸ਼ ਪੱਧਰੀ ਸੰਘਰਸ਼ ਲੜਨ ਦੀ ਤਿਆਰੀ ਵਿੱਚ ਹਨ।
ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਫ਼ੈਸਲੇ ਨੂੰ ਲਾਗੂ ਕਰਨ ਵਿੱਚ ਕੀਤੀ ਜਾ ਰਹੀ ਕਾਹਲੀ ਇਹ ਦਰਸਾਉਂਦੀ ਹੈ ਕਿ ਸਰਕਾਰ ਅਧਿਆਪਕ ਨੂੰ ਇਸ ਬੇਲੋੜੇ ਮੁੱਦੇ ਵਿੱਚ ਉਲਝਾ ਕੇ ਪੁਰਾਣੀ ਪੈਨਸ਼ਨ ਲਾਗੂ ਨਾ ਕਰਨ, ਕੱਚੇ ਅਧਿਆਪਕਾਂ, ਕੰਪਿਊਟਰ ਅਧਿਆਪਕਾਂ, ਐੱਨਐੱਸਕਿਉਐੱਫ ਅਧਿਆਪਕਾਂ ਅਤੇ ਮੈਰੀਟੋਰੀਅਸ ਅਧਿਆਪਕਾਂ ਨੂੰ ਪੱਕੇ ਕਰਨ, 16% ਡੀ.ਏ ਨਾ ਦੇਣ, ਪੰਜਾਬ ਦੇ ਪੁਰਾਣੇ ਸਕੇਲ ਲਾਗੂ ਨਾ ਕਰਨ, ਪੇਂਡੂ ਭੱਤਿਆਂ ਸਮੇਤ 37 ਤਰ੍ਹਾਂ ਦੇ ਭੱਤੇ ਬਹਾਲ ਨਾ ਕਰਨ ਤੋਂ ਭੱਜ ਰਹੀ ਹੈ। ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ 2017 ਦਾ ਟੀਈਟੀ ਤੋਂ ਛੋਟ ਵਾਲਾ ਪੱਤਰ ਬਹਾਲ ਕਰੇ, ਸੁਪਰੀਮ ਕੋਰਟ ਵਿੱਚ ਤੁਰੰਤ ਰਿਵਿਉ ਪਟੀਸ਼ਨ ਦਾਖ਼ਲ ਕਰੇ, 8 ਮਾਰਚ ਅਤੇ 15 ਮਾਰਚ ਨੂੰ ਹੋਣ ਵਾਲੇ ਟੀ.ਈ.ਟੀ. ਵਿੱਚੋਂ ਨੌਕਰੀ ਕਰ ਰਹੇ ਅਧਿਆਪਕਾਂ ਨੂੰ ਛੋਟ ਦੇਵੇ ਅਤੇ ਸਾਰੇ ਕਾਡਰਾਂ ਦੀਆਂ ਪੈਂਡਿੰਗ ਪਈਆਂ ਤਰੱਕੀਆਂ ਤੁਰੰਤ ਕਰੇ।
ਇਸ ਮੌਕੇ ਕਰਨਵੀਰ ਸਿੰਘ ਝੱਖੜ ਵਾਲਾ, ਰਾਜਿੰਦਰ ਘਣੀਆ, ਰਾਜਪਾਲ ਸਿੰਘ, ਗੁਰਪ੍ਰੀਤ ਸਿੰਘ, ਦੇਵਰਾਜ, ਸ਼੍ਰੀਚੰਦ, ਰਵੀ ਕੁਮਾਰ, ਰਾਜਿੰਦਰ ਸਿੰਘ, ਜਗਤਾਰ ਸਿੰਘ, ਉਦੇਸ਼ ਕੁਮਾਰ, ਗੁਰਵਿੰਦਰ ਸਿੰਘ, ਲੇਖਰਾਜ, ਗੁਰਜੀਤ ਸਿੰਘ ਈ.ਟੀ.ਯੂ, ਹਰਪਾਲ ਸਿੰਘ, ਜਗਤਾਰ ਸਿੰਘ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।
ਕੈਪਸ਼ਨ- ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੂੰ ਮੰਗ ਪੱਤਰ ਦਿੰਦੇ ਅਧਿਆਪਕ।